ਵਿਸ਼ਵ ਦਿਲ ਦਿਵਸ: ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ
ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਸੀਜੀਸੀ ਕਾਲਜ ਲਾਂਡਰਾਂ ਦੇ ਬਾਇਓ-ਟੈਕਨਾਲੋਜੀ ਵਿਭਾਗ ਵੱਲੋਂ ਆਈਵੀਵਾਈ ਹਸਪਤਾਲ ਮੁਹਾਲੀ ਦੇ ਸਹਿਯੋਗ ਨਾਲ ਵਿਸ਼ਵ ਦਿਲ ਦਿਵਸ ਦੇ ਮੌਕੇ ਕਈ ਗਤੀਵਿਧੀਆਂ ਕੀਤੀਆਂ ਗਈਆਂ। ‘ਦਿਲ ਦੀ ਵਰਤੋਂ ਕਰੋ, ਦਿਲ ਨੂੰ ਜਾਣੋ’ (ਯੂਜ਼ ਹਾਰਟ, ਨੋਅ ਹਾਰਟ) ਵਿਸ਼ੇ ਨੂੰ ਮੁੱਖ ਰੱਖਦਿਆਂ ਡਾ. ਵਰਿੰਦਰ ਸਰਵਾਲ ਡਾਇਰੈਕਟਰ ਕਾਰਡੀਅਕ ਸਰਜਰੀ ਆਈਵੀ ਹਸਪਤਾਲ ਲਈ ਵਿਸ਼ੇਸ਼ ਭਾਸ਼ਣ ਸੈਸ਼ਨ ਰੱਖਿਆ ਗਿਆ। ਇਸ ਦੌਰਾਨ ਆਈਵੀਵਾਈ ਹਸਪਤਾਲ ਦੇ ਡਾ. ਬਲਵੀਨ ਕੌਰ ਘਈ ਅਤੇ ਡਾ. ਦੀਕਸ਼ਾ ਦੀ ਦੇਖ-ਰੇਖ ਹੇਠ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ ਅਤੇ ਪਿੰਡ ਸਨੇਟਾ ਵਿੱਚ ‘ਘਰ-ਘਰ ਜਾ ਕੇ ‘ਸਿਹਤਮੰਦ ਦਿਲ’ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ, ਮੌਖਿਕ ਪੇਸ਼ਕਾਰੀਆਂ, ਰਚਨਾਤਮਿਕ ਲਿਖਤ ਅਤੇ ਫਿਟਨੈਸ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਸੀਜੀਸੀ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਭਾਸ਼ਣ ਸੈਸ਼ਨ ਦੌਰਾਨ ਡਾ. ਸਰਵਾਲ ਨੇ ਸਿਹਤਮੰਦ ਭੋਜਨ ਖਾਣ, ਨਿਯਮਿਤ ਤੌਰ ’ਤੇ ਕਸਰਤ ਕਰਨ ਅਤੇ ਪਰਿਵਾਰ, ਦੋਸਤਾਂ ਨਾਲ ਸਮਾਂ ਬਿਤਾ ਕੇ ਅਤੇ ਆਪਣੇ ਵਿਚਾਰਾਂ ਜਾਂ ਚਿੰਤਾਵਾਂ ਨੂੰ ਸਾਂਝਾ ਕਰਕੇ ਤਣਾਅ ਮੁਕਤ ਜੀਵਨ ਜਿਊਣ ਅਤੇ ਦਿਲ ਦੀ ਦੇਖਭਾਲ ਕਰਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਹਾਜ਼ਰੀਨ ਨੂੰ ਸਿਗਰਟਨੋਸ਼ੀ ਤੋਂ ਦੂਰ ਰਹਿਣ, ਬੈਠਣ ਵਾਲੀ ਜੀਵਨ ਸ਼ੈਲੀ, ਬਹੁਤ ਜ਼ਿਆਦਾ ਜੰਕ ਫੂਡ ਅਤੇ ਜ਼ਿਆਦਾ ਚਰਬੀ ਵਾਲੀ ਖ਼ੁਰਾਕ ਤੋਂ ਦੂਰ ਰਹਿਣ ਦੀ ਅਪੀਲ ਕੀਤੀ, ਕਿਉਂਕਿ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਅਖੀਰ ਵਿੱਚ ਕੈਂਪਸ ਡਾਇਰੈਕਟਰ ਡਾ. ਪੀਐਨ ਰਿਸ਼ੀਕੇਸ਼ਾ ਨੇ ਡਾ. ਸਰਵਾਲ ਸਮੇਤ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।