ਮਹਿਲਾ ਕੌਂਸਲਰ ਦੇ ਪਤੀ ਖ਼ਿਲਾਫ਼ ਡੀਸੀ ਤੇ ਐਸਐਸਪੀ ਨੂੰ ਦਿੱਤੀ ਲਿਖਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਅੱਜ ਮਿਤੀ 07/09/2022 ਦਿਨ ਬੁੱਧਵਾਰ ਨੂੰ ਸੋਨੀਆ ਰਾਣੀ ਪਤਨੀ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ-28 (ਕੁੰਭੜਾ) ਦੀ ਰਹਿਣ ਵਾਲੀ ਨੇ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਮ ਆਦਮੀ ਪਾਰਟੀ ਦੀ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਦੇ ਪਤੀ ਹਰਮੇਸ਼ ਸਿੰਘ ਕੁੰਭੜਾ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਕੌਂਸਲਰ ਨੂੰ ਬਰਖ਼ਾਸਤ ਕਰਨ ਲਈ ਗੁਹਾਰ ਲਗਾਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਕੁੰਭੜਾ ਵਿੱਚ ਵਾਟਰ ਸਪਲਾਈ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋਣ ਕਰਕੇ ਪਿੰਡ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਮੀਡੀਆ ਰਾਹੀਂ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਖਬਰ ਲਗਾਈ ਸੀ। ਜਿਸ ਕਰਕੇ ਮਿਤੀ 06/09/2022 ਨੂੰ ਜਦੋਂ ਅਧਿਕਾਰੀ ਗਲੀਆਂ ਵਿੱਚ ਘਰ ਘਰ ਜਾ ਕੇ ਪਾਣੀ ਦੇ ਸੈਂਪਲ ਲੈ ਰਹੇ ਸਨ ਤਾਂ ਉਸ ਸਮੇਂ ਮਹਿਲਾ ਕੌਂਸਲਰ ਦੇ ਪਤੀ ਨੇ ਸ਼ਿਕਾਇਤ ਕਰਤਾ ਦੇ ਘਰ ਆ ਕੇ ਉਸ ਨੂੰ ਕਥਿਤ ਤੌਰ ’ਤੇ ਅਪਸ਼ਬਦ ਬੋਲੇ ਅਤੇ ਡਰਾਇਆ-ਧਮਕਾਇਆ ਗਿਆ। ਉਸ ਨੇ ਇਹ ਵੀ ਕਿਹਾ ਕਿ ਜੇਕਰ ਅੱਗੇ ਤੋਂ ਬਲਵਿੰਦਰ ਕੁੰਭੜਾ ਦੀ ਅਗਵਾਈ ਵਿੱਚ ਝੂਠੀਆਂ ਖ਼ਬਰਾਂ ਲਗਵਾਈਆਂ ਤਾਂ ਉਸ ਦੇ ਭਿਆਨਕ ਸਿੱਟੇ ਨਿਕਲਣਗੇ।
ਇਸ ਸਬੰਧੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਹੁਕਮ ਕੀਤੇ ਹਨ ਕਿ ਜੇਕਰ ਕਿਸੇ ਵੀ ਮਹਿਲਾ ਪੰਚ ਸਰਪੰਚ ਦੇ ਘਰ ਵਾਲਾ ਜਾਂ ਕੌਂਸਲਰ ਦੇ ਘਰਵਾਲਾ ਕਿਸੇ ਵੀ ਕੰਮਾਂ ਵਿੱਚ ਦਖਲ-ਅੰਦਾਜ਼ੀ ਕਰਨਗੇ ਤਾਂ ਉਨ੍ਹਾਂ ਮਹਿਲਾ ਕੌਂਸਲਰਾਂ, ਸਰਪੰਚਾਂ ਜਾਂ ਪੰਚਾਂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇਗਾ। ਪਰ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਇਹ ਹੁਕਮ ਕੇਵਲ ਅਕਾਲੀ ਦਲ ਤੇ ਕਾਂਗਰਸ ਦੇ ਕੌਂਸਲਰਾਂ, ਪੰਚਾਂ ਜਾਂ ਸਰਪੰਚਾਂ ਲਈ ਹੀ ਹਨ ਜਾਂ ਸਾਰਿਆਂ ਲਈ ਇਕ ਸਮਾਨ ਹਨ। ਜੇ ਸਭਨਾਂ ਲਈ ਹਨ ਤਾਂ ਇਸ ਕੌਂਸਲਰ ਨੂੰ ਬਰਖਾਸਤ ਕੀਤਾ ਜਾਵੇ ਤੇ ਉਨ੍ਹਾਂ ਦੇ ਘਰ ਵਾਲੇ ਹਰਮੇਲ ਸਿੰਘ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਘਰ ਅੰਦਰ ਜਾ ਕੇ ਡਰਾਉਣ-ਧਮਕਾਉਣ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਵਿਅਕਤੀ ਦੇ ਖ਼ਿਲਾਫ਼ ਪਹਿਲਾਂ ਵੀ ਨਗਰ ਨਿਗਮ ਵੱਲੋਂ ਪੱਤਰ ਨੰਬਰ 48/18/2019 ਮਿਤੀ 29/08/2019 ਨੂੰ ਅਤੇ ਉਸ ਸਮੇਂ ਦੇ ਇੰਸਪੈਕਟਰ ਕੇਸਰ ਸਿੰਘ ਵੱਲੋਂ ਵੀ ਇਸ ਵਿਅਕਤੀ ਦੇ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੀਆਂ ਉੱਚ ਅਧਿਕਾਰੀਆਂ ਨੂੰ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ, ਜਿਸ ਦੀਆਂ ਕਾਪੀਆਂ ਮੀਡੀਆ ਨੂੰ ਦਿਖਾਈਆ ਗਈਆਂ। ਇਸ ਮੌਕੇ ਸ਼ਮਿੰਦਰ ਸਿੰਘ ਲੱਖੋਵਾਲ, ਅਵਤਾਰ ਸਿੰਘ ਮੱਕੜਿਆਂ, ਦਿਆਲੋ ਕੌਰ, ਮਮਤਾ ਰਾਣੀ ਹਾਜ਼ਰ ਸਨ।
ਉਧਰ, ਇਸ ਸਬੰਧੀ ਹਰਮੇਸ਼ ਸਿੰਘ ਕੁੰਭੜਾ ਨੇ ਉਕਤ ਅੌਰਤ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਅੌਰਤ ਨੂੰ ਉਸ ਨੇ ਕਦੇ ਵੀ ਮੰਦਾ ਚੰਗਾ ਨਹੀਂ ਬੋਲਿਆ ਅਤੇ ਅਸਲ ਵਿੱਚ ਇਹ ਸਾਰਾ ਕੁੱਝ ਉਨ੍ਹਾਂ ਦੇ ਵਿਰੋਧੀਆਂ ਦੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਵਿਰੋਧੀ ਹਮੇਸ਼ਾ ਉਨ੍ਹਾਂ ਨੂੰ ਜਨਤਕ ਤੌਰ ’ਤੇ ਬਦਨਾਮ ਕਰਨ ਦੀ ਤਾਕ ਵਿੱਚ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਕਦੇ ਵੀ ਆਪਣੀ ਪਤਨੀ ਦੇ ਕਿਸੇ ਵੀ ਕੰਮ ਵਿੱਚ ਗਲਤ ਦਖਲਅੰਦਾਜ਼ੀ ਨਹੀਂ ਕਰਦੇ ਹਨ ਅਤੇ ਕੌਂਸਲਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਖ਼ੁਦ ਹੀ ਨਿਭਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਾਮਜ ਸੇਵੀ ਦੇ ਤੌਰ ’ਤੇ ਜ਼ਰੂਰ ਕੰਮ ਕਰਦੇ ਹਨ ਪ੍ਰੰਤੂ ਆਪਣੀ ਪਤਨੀ ਦੇ ਸਰਕਾਰੀ ਕੰਮ ਵਿੱਚ ਉਨ੍ਹਾਂ ਕਦੇ ਵੀ ਦਖ਼ਲ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਦਾ ਹੀ ਇੱਕ ਸ਼ਰਾਰਤੀ ਵਿਅਕਤੀ (ਜੋ ਉਨ੍ਹਾਂ ਦਾ ਕੱਟੜ ਸਿਆਸੀ ਵਿਰੋਧੀ ਹੈ) ਵੱਲੋਂ ਖ਼ੁਦ ਪਿੱਛੇ ਰਹਿ ਕੇ ਅਤੇ ਵੁਕਤ ਅੌਰਤ ਨੂੰ ਮੋਹਰਾ ਬਣਾ ਕੇ ਝੂਠੀਆਂ ਸ਼ਿਕਾਇਤਾਂ ਕਰਵਾਈਆਂ ਹਨ, ਜਿਨ੍ਹਾਂ ਵਿੱਚ ਕੋਈ ਸਚਾਈ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…