nabaz-e-punjab.com

ਅਧਿਆਪਕਾਂ ਤੋਂ ਜ਼ਬਰਦਸਤੀ ਨਸ਼ਾ ਰੋਕੂ ਅਫ਼ਸਰ ਬਣਨ ਲਈ ਫਾਰਮ ਭਰਾਉਣਾ ਗਲਤ

ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਜ਼ਿਲ੍ਹਾ ਮੈਜਿਸਟਰੇਟਾਂ ਦੀ ਕਾਰਵਾਈ ਦਾ ਤਿੱਖਾ ਵਿਰੋਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਹੋਈ। ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਕੁਝ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਜ਼ਬਰਦਸਤੀ ਨਸ਼ਾ ਰੋਕੂ ਅਫ਼ਸਰ (ਡੈਪੋ) ਰਜਿਸਟਰ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਭਰੇ ਜਾਣ ਵਾਲੇ ਪ੍ਰੋਫਾਰਮੇ ਵਿੱਚ ‘ਸਵੈ-ਇੱਛਕ’ ਲਿਖਿਆ ਹੋਇਆ ਹੈ। ਜਿਸ ਦਾ ਭਾਵ ਇਹ ਪ੍ਰੋਫਾਰਮਾ ਸਵੈ-ਘੋਸ਼ਣਾ ਪੱਤਰ ਹੈ। ਜਿਸ ਵਿਚ ਸਵੈ-ਇੱਛਿਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਜੋ ਕਰਮਚਾਰੀ ਸਵੈ ਇੱਛਾ ਨਾਲ ਨਸ਼ਾ ਰੋਕੂ ਅਫ਼ਸਰ ਬਣਨਾ ਚਾਹੁੰਦੇ ਹਨ ਉਹ ਬਣ ਸਕਦੇ ਹਨ ਪਰ ਬਾਕੀ ਮੁਲਾਜ਼ਮਾਂ ਨੂੰ ਨਸ਼ਾ ਰੋਕੂ ਅਫ਼ਸਰ ਬਣਾਉਣ ਲਈ ਉਨ੍ਹਾਂ ਨੂੰ ਜਬਰੀ ਸਵੈ-ਘੋਸ਼ਣਾ ਪੱਤਰ ਭਰਵਾਉਣਾ ਅਤੇ ਨਸ਼ਿਆਂ ਵਿਰੁੱਧ ਪ੍ਰਚਾਰ ਲਈ ਸਮਾਜ ਸੇਵਾ ਦੇ ਕੰਮ ਦੀ ਭਾਵਨਾ ਦੇ ਉਲਟ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਪਿਛਲੇ ਸਾਲ ਗੁਰਦਾਸਪੁਰ ਜ਼ਿਲ੍ਹੇ ਵਿੱਚ ਬੇਰੁਜ਼ਗਾਰਾਂ ਨੂੰ ਮਿਹਨਤਾਨਾ ਦੇ ਕੇ ਨਸ਼ਾ ਰੋਕੂ ਅਫ਼ਸਰ ਬਣਾਏ ਗਏ ਸਨ, ਉਸ ਵਿਵਸਥਾ ਨੂੰ ਜਾਰੀ ਰੱਖਿਆ ਜਾਵੇ ਅਤੇ ਅਧਿਆਪਕਾਂ ਨੂੰ ਜਬਰੀ ਇਸ ਕੰਮ ’ਤੇ ਲਾਉਣਾ ਬੰਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਦੀ ਗੱਲ ਨੂੰ ਤਰਕ ਸੰਗਤ ਮੰਨਦਿਆਂ ਇਹ ਪੱਤਰ ਵਾਪਸ ਲੈ ਲਿਆ ਸੀ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕਰੋਨਾ ਮਹਾਮਾਰੀ ਦੇ ਡਰ ਤੋਂ ਅਧਿਕਾਰੀਆਂ ਨੇ ਜਨਤਕ ਮੀਟਿੰਗਾਂ ਅਤੇ ਵਫ਼ਦਾਂ ਨੂੰ ਮਿਲਣ ਤੋਂ ਆਪਣੇ ਦਰਵਾਜ਼ੇ ਬੰਦ ਕੀਤੇ ਹੋਏ ਹਨ ਪ੍ਰੰਤੂ ਦੂਜੇ ਪਾਸੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ ਕਰਨ, ਕਿਤਾਬਾਂ ਅਤੇ ਮਿਡ ਡੇਅ ਮੀਲ ਵੰਡਣ, ਕੂਕਿੰਗ ਕਾਸਟ ਵੰਡਣ, ਬੀਐਲਓ ਡਿਊਟੀਆਂ ਸਮੇਤ ਪੈਟਰੋਲਿੰਗ ਪਾਰਟੀਆਂ, ਇਕਾਂਤਵਾਸ ਕੇਂਦਰਾਂ, ਦੂਜੇ ਜ਼ਿਲ੍ਹਿਆਂ ਨਾਲ ਲੱਗਦੀਆਂ ਹੱਦਾਂ ਅਤੇ ਦੂਜੇ ਰਾਜਾਂ ਨਾਲ ਲੱਗਦੇ ਬਾਰਡਰ ’ਤੇ ਗੱਡੀਆਂ ਦੀ ਚੈਕਿੰਗ ਕਰਨ, ਦਾਣਾ ਮੰਡੀਆਂ ਅਤੇ ਐਸਡੀਐਮ ਦਫ਼ਤਰਾਂ ਵਿੱਚ ਡਿਊਟੀਆਂ, ਬਾਹਰਲੇ ਰਾਜਾਂ ਤੋਂ ਆਉਣ ਵਾਲੇ ਖੇਤੀ ਕਾਮਿਆਂ ਅਤੇ ਐਨਆਰਆਈਜ਼ ਦੀ ਜਾਣਕਾਰੀ ਰੱਖਣ ਸਬੰਧੀ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।
ਮੀਟਿੰਗ ਵਿੱਚ ਕੁਲਵਿੰਦਰ ਸਿੰਘ ਮੁਕਤਸਰ, ਰਣਜੀਤ ਸਿੰਘ ਮਾਨ, ਕੁਲਦੀਪ ਪੁਰੇਵਾਲ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਸੁਰਜੀਤ ਸਿੰਘ ਮੁਹਾਲੀ, ਬਲਵਿੰਦਰ ਭੁੱਟੋ, ਦੇਵੀ ਦਿਆਲ, ਗੁਰਦਾਸ ਸਿੰਘ ਸਿੱਧੂ, ਹਰਿੰਦਰ ਮੱਲੀਆਂ, ਗੁਰਵਿੰਦਰ ਸਸਕੌਰ, ਕਰਨੈਲ ਫਿਲੌਰ, ਮੰਗਲ ਟਾਂਡਾ, ਸਰਬਜੀਤ ਬਰਾੜ, ਕੇਵਲ ਸਿੰਘ, ਜਗਦੀਪ ਜੌਹਲ, ਹਰਮੀਤ ਬਰਾੜ ਅਤੇ ਭਗਵੰਤ ਭਟੇਜਾ ਵੀ ਹਾਜ਼ਰ ਸਨ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…