ਮਾਂ ਬੋਲੀ ਪੰਜਾਬੀ ਦਾ ਨਿਰਾਦਰ: ਨੈਸ਼ਨਲ ਹਾਈਵੇਅ 21 ’ਤੇ ਸਾਈਨ ਬੋਰਡਾਂ ਉੱਤੇ ਲਿਖੇ ਪਿੰਡਾਂ ਦੇ ਗਲਤ ਨਾਮ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 16 ਸਤੰਬਰ:
ਪੰਜਾਬ ਵਿੱਚ ਹੀ ਮਾਂ ਬੋਲੀ ਪੰਜਾਬੀ ਦਾ ਘੋਰ ਨਿਰਾਦਰ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸ਼ਾਲ ਚੰਡੀਗੜ੍ਹ-ਖਰੜ ਨੈਸ਼ਨਲ ਹਾਈਵੇਅ 21 ’ਤੇ ਪਿੰਡਾਂ ਦੀ ਦਿਸ਼ਾ ਦਿਖਾਉਂਦੇ ਸਾਈਨ ਬੋਰਡਾਂ ’ਤੇ ਲਿਖੀ ਪੰਜਾਬੀ ਭਾਸ਼ਾ ਦੀ ਦੁਰਦਸ਼ਾ ਇਸ ਕਦਰ ਕੀਤੀ ਗਈ ਹੈ ਕਿ ਪੰਜਾਬੀ ਨਾਲ ਪਿਆਰ ਕਰਨ ਵਾਲਿਆਂ ਦੇ ਸਿਰ ਸ਼ਰਮ ਨਾਲ ਝੁੱਕ ਜਾਂਦੇ ਹਨ। ਇਸ ਲਈ ਜ਼ਿੰਮੇਵਾਰ ਵਿਭਾਗ, ਸਰਕਾਰ ਜਾਂ ਕੋਈ ਹੋਰ ਹੈ। ਇਸ ਸੜਕ ਤੋਂ ਰੋਜ਼ਾਨਾ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਕਾਫ਼ਲੇ ਗੁਜਰਦੇ ਹਨ ਪਰ ਕਿਸੇ ਨੇ ਵੀ ਇਨ੍ਹਾਂ ਗਲਤੀਆਂ ਨੂੰ ਸੁਧਾਰਨ ਵੱਲ ਧਿਆਨ ਨਹੀਂ ਦਿੱਤਾ।
ਇਸ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਫੋਰ ਲੇਨ ਸੜਕ ਦਾ ਨਿਰਮਾਣ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਪਿੰਡਾਂ ਦੇ ਬਾਹਰ ਬਣਾਏ ਬੱਸ ਕਿਉ ਸ਼ੈਲਟਰਾਂ ਉੱਤੇ ਅਤੇ ਪਿੰਡਾਂ ਦੇ ਮੋੜਾਂ ਉੱਤੇ ਸਾਈਨ ਬੋਰਡ ਲਗਾਏ ਗਏ ਹਨ। ਜਿਨ੍ਹਾਂ ’ਤੇ ਪੰਜਾਬੀ ਵਿੱਚ ਪਿੰਡਾਂ ਦੇ ਨਾਮ ਗਲਤ ਲਿਖ ਦਿੱਤੇ ਗਏ ਹਨ। ਜਿਸ ਵੱਲ ਪ੍ਰਸ਼ਾਸਨ ਵੱਲੋਂ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ। ਸੜਕ ਦਾ ਨਿਰਮਾਣ ਕਰਨ ਵਾਲੀ ਪ੍ਰਾਈਵੇਟ ਕੰਪਨੀ ਨੇ ਸਾਈਨ ਬੋਰਡ ਲਗਾਉਣ ਲਈ ਜਿਸ ਮਹਿਕਮੇ ਨਾਲ ਤਾਲਮੇਲ ਕੀਤਾ ਕੀ ਉਸ ਦੇ ਅਧਿਕਾਰੀਆਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਇਸ ਲਈ ਕੌਣ ਜਿੰਮੇਵਾਰ ਹੈ ਇਹ ਤਾ ਜਾਂਚ ਉਪਰੰਤ ਹੀ ਪਤਾ ਲੱਗ ਸਕੇਗਾ।
ਇਨ੍ਹਾਂ ਬੋਰਡਾਂ ਦੀ ਜਾਣਕਾਰੀ ਮਿਲਣ ਤੇ ਪੱਤਰਕਾਰਾਂ ਵੱਲੋਂ ਤਸਵੀਰਾਂ ਲਈਆਂ ਗਈਆਂ ਜਿਨ੍ਹਾਂ ਵਿਚ ਕੁਰਾਲੀ ਤੋਂ ਖਰੜ ਵੱਲ ਜਾਂਦਿਆਂ ਪਹਿਲਾ ਬੋਰਡ ‘ਨਗਲ ਸਿੰਘਾ ਦਾ’ ਲੱਗਿਆ ਹੈ ਜਦਕਿ ਪਿੰਡ ਦਾ ਨਾਮ ‘ਨੱਗਲ ਸਿੰਘਾ’ ਹੈ। ਇਸੇ ਤਰ੍ਹਾਂ ਦੂਸਰਾ ਸਾਈਨ ਬੋਰਡ ਪਿੰਡ ‘ਘੱਟੋਰ’ ਦਾ ਲੱਗਾ ਹੈ ਜਿਸ ਪਿੰਡ ਦਾ ਨਾਮ ‘ਘਟੌਰ’ ਹੈ। ਇਸੇ ਤਰ੍ਹਾਂ ਪਿੰਡ ‘ਰਡਿਆਲਾ’ ਦੇ ਬੱਸ ਸਟੈਂਡ ਤੇ ਲੱਗੇ ਸਾਈਨ ਬੋਰਡ ਉੱਤੇ ਪਿੰਡ ਦਾ ਨਾਮ ‘ਰਡਿਘਾਲਾ’ ਦਾ ਲਿਖਿਆ ਹੈ। ਇਸੇ ਤਰ੍ਹਾਂ ਇਲਾਕੇ ਦੇ ਸਭ ਤੋਂ ਵੱਡੇ ਪਿੰਡ ‘ਸਹੌੜਾਂ’ ਦੇ ਬਸ ਕਿਉ ਸ਼ੈਲਟਰ ਤੇ ਪਿੰਡ ਦਾ ਨਾਮ ‘ਸਹੋਤਾਂ’ ਲਿਖਿਆ ਗਿਆ ਹੋਇਆ ਹੈ ਅਤੇ ਸਭ ਤੋਂ ਵੱਡੀ ਗਲਤੀ ‘ਰਿਆਤ ਬਾਹਰਾ ਯੂਨੀਵਰਸਿਟੀ’ ਦੇ ਸਾਈਨ ਬੋਰਡ ਤੇ ‘ਰਾਯਤ ਬਾਹਰਾ ਯੂਨੀਵਰਸਿਟੀ’ ਲਿਖ ਕੇ ਪੰਜਾਬੀ ਭਾਸ਼ਾ ਨਾਲ ਖਿਲਵਾੜ ਕੀਤਾ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਜਿਜ਼ਲ੍ਹਾ ਜਨਰਲ ਸਕੱਤਰ ਹਰਮੇਸ਼ ਸਿੰਘ ਬੜੌਦੀ ਨੇ ਕਿਹਾ ਕਿ ਇਨ੍ਹਾਂ ਸਾਈਨ ਬੋਰਡਾਂ ਉੱਤੇ ਜਾਣਬੁਝ ਕੇ ਕੁਝ ਸ਼ਰਾਰਤੀ ਲੋਕਾਂ ਦੀ ਮਿਲੀਭੁਗਤ ਨਾਲ ਪੰਜਾਬੀ ਭਾਸ਼ਾ ਦਾ ਮਜਾਕ ਉਡਾਇਆ ਗਿਆ ਜਿਸ ਸਬੰਧੀ ਡਿਪਟੀ ਕਮਿਸ਼ਨਰ ਮੋਹਾਲੀ ਢੱੁਕਵੀਂ ਕਾਰਵਾਈ ਕਰਨ ਲਈ ਸ਼ਿਕਾਇਤ ਦੇ ਕੇ ਦੋਸ਼ੀ ਅਧਿਕਾਰੀਆਂ ਅਤੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰਾਂਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਗਲਤੀਆਂ ਕਰਨ ਵਾਲੇ ਲੋਕਾਂ ਨੂੰ ਨੱਥ ਪਾਈ ਜਾ ਸਕੇ। ਇਸ ਸਬੰਧੀ ਸੰਪਰਕ ਕਰਨ ’ਤੇ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬੀ ਵਿੱਚ ਗਲਤ ਲਿਖੇ ਨਾਮ ਜਲਦ ਠੀਕ ਕਰਵਾ ਦਿੱਤੇ ਜਾਣਗੇ ਤੇ ਨਾਲ ਉਨ੍ਹਾਂ ਗਲਤੀ ਨੂੰ ਅਣਜਾਣਪੁਣੇ ਵਿੱਚ ਹੋਈ ਦੱਸਦਿਆਂ ਖਹਿੜਾ ਛੁਡਾ ਲਿਆ।

Load More Related Articles

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …