Share on Facebook Share on Twitter Share on Google+ Share on Pinterest Share on Linkedin ਯਾਦਵਿੰਦਰਾ ਪਬਲਿਕ ਸਕੂਲ ਨੇ 39ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਨਾਲ ਜੁੜੀਆਂ ਪਰਿਵਾਰਕ ਯਾਦਾਂ ਨੂੰ ਚੇਤੇ ਕੀਤਾ, ਹੋਣਹਾਰ ਬੱਚਿਆ ਦਾ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਦੀ ਉੱਚ ਮੁਹਾਰਤ ਪ੍ਰਾਪਤ ਕਰਨ ਦਾ ਸੱਦਾ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਸਫ਼ਲਤਾ ਹੀ ਦੇਸ਼ ਦੇ ਭਵਿੱਖ ਨੂੰ ਨਵਾਂ ਰੂਪ ਦੇ ਸਕਦੀ ਹੈ। ਬੱਚਿਆਂ ਨੂੰ ਤਬਦੀਲੀ ਦਾ ਮੁੱਖ ਮੋਹਰੀ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਵਰਗੇ ਬਹੁਤ-ਭਾਂਤੀ ਦੇਸ਼ਾਂ ਲਈ ਜ਼ਰੂਰੀ ਹੈ ਕਿ ਉਹ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਵਿਚ ਪੂਰੀ ਤਰ੍ਹਾਂ ਸਮਰੱਥ ਬਣਾਵੇ ਤਾਂ ਜੋ ਉਹ ਸਮੁੱਚੇ ਵਿਸ਼ਵ ਦ੍ਰਿਸ਼ ਨੂੰ ਗ੍ਰਹਿਣ ਕਰਨ ਤੇ ਅਪਣਾਉਣ ਦੇ ਯੋਗ ਹੋ ਸਕਣ। ਮੁੱਖ ਮੰਤਰੀ ਨੇ ਇਹ ਵਿਚਾਰ ਅੱਜ ਯਾਦਵਿੰਦਰਾ ਪਬਲਿਕ ਸਕੂਲ ਦੇ 39ਵੇਂ ਸਥਾਪਨਾ ਦਿਵਸ ਮੌਕੇ ਪੇਸ਼ ਕੀਤੇ। ਮੁੱਖ ਮੰਤਰੀ ਦਾ ਸਕੂਲ ਵਿਚ ਪਹੁੰਚਣ ’ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਸਕੂਲ 1979 ਵਿਚ ਸਥਾਪਤ ਕੀਤਾ ਗਿਆ ਸੀ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਛੋਟੇ ਭਰਾ ਮਾਲਵਿੰਦਰ ਸਿੰਘ ਵੀ ਹਾਜ਼ਰ ਸਨ ਜੋ ਕਿ ਇਸ ਸਕੂਲ ਦੇ ਚੇਅਰਮੈਨ ਵੀ ਹਨ। ਇਸ ਮੌਕੇ ਵਿਦਿਆਰਥੀਆਂ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਸਕੂਲ ਨਾਲ ਆਪਣੇ ਪਰਿਵਾਰ ਦੇ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨੇ ਸਾਡੇ ਇਸ ਖਿੱਤੇ ਵਿਚ ਵਿਸ਼ਵ ਪੱਧਰੀ ਸਿੱਖਿਆ ਸਹੂਲਤਾਂ ਲਿਆਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਣਥੱਕ ਕਾਰਜ ਕੀਤਾ। ਮਹਾਰਾਜਾ ਯਾਦਵਿੰਦਰ ਸਿੰਘ ਇਸ ਸਕੂਲ ਨੂੰ ਸਥਾਪਤ ਕਰਨ ਵਾਲਿਆਂ ਵਿਚ ਸ਼ਾਮਲ ਸਨ। ਬਟਵਾਰੇ ਤੋਂ ਬਾਅਦ ਉਨ੍ਹਾਂ ਨੇ ਇਹ ਸਕੂਲ ਪਟਿਆਲਾ ਵਿਚ ਸਥਾਪਤ ਕੀਤਾ ਅਤੇ ਉਸ ਤੋਂ ਬਾਅਦ ਵਾਈ.ਪੀ.ਐਸ ਮੋਹਾਲੀ ਸਥਾਪਤ ਕੀਤਾ ਗਿਆ। ਸਕੂਲ ਵੱਲੋਂ ਉੱਚ ਕੋਟੀ ਦਾ ਹੁਨਰ ਪੈਦਾ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਨੇ ਸਰਾਹਨਾ ਕੀਤੀ ਜੋ ਕਿ ਸੂਬੇ ਅਤੇ ਦੇਸ਼ ਵਿਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਵਾਈ.ਪੀ.ਐਸ ਦੇ ਸਫ਼ਲਤਾ ਦੇ ਮਾਰਗ ਤੋਂ ਬਹੁਤ ਜ਼ਿਆਦਾ ਖੁਸ਼ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਦੋ ਉੱਚ ਕੋਟੀ ਦੇ ਅਫਸਰ ਇਸ ਸਕੂਲ ਦੇ ਹੀ ਪੜ੍ਹੇ ਹੋਏ ਹਨ ਜਿਨ੍ਹਾਂ ਵਿਚ ਉਨ੍ਹਾਂ ਦਾ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਵਿੱਤ ਸਕੱਤਰ ਅਨਿਰੁਧ ਤਿਵਾੜੀ ਸ਼ਾਮਲ ਹਨ। ਤੇਜਵੀਰ ਸਿੰਘ ਤਾਂ ਇਸ ਸਮਾਗਮ ਵਿਚ ਹਾਜ਼ਰ ਹੈ। ਮੁੱਖ ਮੰਤਰੀ ਦੀ ਇਸ ਟਿੱਪਣੀ ’ਤੇ ਦਰਸ਼ਕਾਂ ਨੇ ਖੂਬ ਤਾੜੀਆਂ ਵਜਾਈਆਂ। ਮੁੱਖ ਮੰਤਰੀ ਜੋ ਇਸ ਸਕੂਲ ਦੇ ਸਰਪ੍ਰਸਤ ਵੀ ਹਨ ਨੂੰ ਸਕੂਲ ਦੇ ਡਾਇਰੈਕਟਰ ਵੱਲੋਂ ਇੱਕ ਮੀਮੈਂਟੋ ਪੇਸ਼ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਪੜ੍ਹਾਈ ਅਤੇ ਖੇਡਾਂ ਦੇ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਟ੍ਰੋਫੀਆਂ ਵੰਡੀਆਂ ਅਤੇ ਉਨ੍ਹਾਂ ਨੇ ਵਾਈ.ਪੀ.ਐਸ ਦੀ ਸਾਲਾਨਾ ਖਿਤਾਬ ਜਾਰੀ ਕੀਤੀ। ਵਾਈ.ਪੀ.ਐਸ ਦੇ ਡਾਇਰੈਕਟਰ ਮੇਜਰ ਜਨਰਲ (ਰਿਟਾ.) ਟੀ.ਪੀ.ਐਸ. ਵੜੈਚ ਨੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਿਸ਼ਵ ਪੱਧਰੀ ਸਿੱਖਿਆ ਸੁਵਿਧਾਵਾਂ ਸਥਾਪਤ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਦੂਰਅੰਦੇਸ਼ੀ ਨਾਲ ਸਿੱਖਿਆ ਨੂੰ ਨਵੀਂ ਸੇਧ ਦੇਣ ਦੇ ਸਮਰਥ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਇੱਕ ਵਧੀਆ ਸੁਭਾਅ ਦੇ ਵਿਅਕਤੀ ਹਨ ਜਿਸ ਨੇ ਉਨ੍ਹਾਂ ਨੂੰ ਸਹੀਮਾਨੀਆਂ ਵਿਚ ਲੋਕਾਂ ਦਾ ਅਸਲੀ ਮਹਾਰਾਜਾ ਬਣਾਇਆ ਹੈ। ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਸੰਗੀਤ ਅਤੇ ਡਾਂਸ ਦਾ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀਆਂ ਨੇ ‘ਮੈਲੋਡੀ ਆਫ ਡਾਂਸ ਐਂਡ ਮਿਊਜ਼ਿਕ’ ਨਾਂ ਦੇ ਇਸ ਪ੍ਰੋਗਰਾਮ ਵਿਚ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਸਾਰਾਗੜ੍ਹੀ ਜੰਗ ਬਾਰੇ ਵੀ ਪੇਸ਼ਕਾਰੀ ਕੀਤੀ। ਵਿਦਿਆਰਥੀਆਂ ਨੇ ਕੱਥਕ ਅਤੇ ਭੰਗੜੇ ਦੇ ਨਾਲ ਦਰਸ਼ਕਾਂ ਦਾ ਮੰਨ ਮੋਹ ਲਿਆ। ਇਸ ਮੌਕੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਮੰਗਲਵਾਰ ਦੀ ਛੁੱਟੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਐਸ.ਏ.ਐਸ. ਨਗਰ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ, ਫਿਰੋਜ਼ਪੁਰ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜਅਫਸਰ ਅਮਰਦੀਪ ਸਿੰਘ ਤੇ ਕਰਨਪਾਲ ਸਿੰਘ ਸੇਖੋਂ, ਏ.ਡੀ.ਜੀ.ਪੀ (ਇੰਟੈਲੀਜੈਂਸ) ਦਿਨਕਰ ਗੁਪਤਾ, ਡੀ.ਸੀ. ਮੋਹਾਲੀ ਗੁਰਪ੍ਰੀਤ ਕੌਰ ਸਪਰਾ ਅਤੇ ਐਸ.ਐਸ.ਪੀ ਮੋਹਾਲੀ ਕੁਲਦੀਪ ਸਿੰਘ ਚਾਹਲ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ