91 ਸਾਲਾ ਬਜ਼ੁਰਗ ਨੇ ਕਰੋਨਾ ਮਹਾਮਾਰੀ ਨੂੰ ਹਰਾਇਆ

ਆਈਵੀ ਹਸਪਤਾਲ ਸੈਕਟਰ-71 ਵਿੱਚ ਜੇਰੇ ਇਲਾਜ ਸੀ ਬਜ਼ੁਰਗ, ਅੱਜ ਛੁੱਟੀ ਦੇ ਕੇ ਘਰ ਭੇਜਿਆ

ਲਗਾਤਾਰ 10 ਦਿਨ ਵੈਂਟੀਲੇਟਰ ’ਤੇ ਰਿਹਾ ਕਰੋਨਾ ਪੀੜਤ ਬਜ਼ੁਰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਇੱਥੋਂ ਦੇ ਆਈਵੀ ਸੁਪਰ ਸਪੈਸ਼ਲਿਟੀ ਹਸਪਤਾਲ ਸੈਕਟਰ-71 ਵਿੱਚ ਜੇਰੇ ਇਲਾਜ 91 ਸਾਲਾ ਬਜ਼ੁਰਗ ਨੇ ਕਰੋਨਾ ਮਹਾਮਾਰੀ ਨੂੰ ਹਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਰੂਪਨਗਰ ਦਾ ਇਹ ਬਜ਼ੁਰਗ 20 ਦਿਨਾਂ ਤੋਂ ਇੱਥੇ ਹਸਪਤਾਲ ਵਿੱਚ ਦਾਖ਼ਲ ਸੀ ਅਤੇ ਅੱਜ ਸਿਹਤਯਾਬ ਹੋਣ ਉਪਰੰਤ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਆਈਵੀ ਹਸਪਤਾਲ ਦੇ ਸੀਨੀਅਰ ਪਲਮਨੋਲੋਜਿਸਟ ਡਾ. ਸੁਰੇਸ਼ ਗੋਇਲ ਨੇ ਦੱਸਿਆ ਕਿ ਬਜ਼ੁਰਗ ਨੂੰ ਸਾਹ, ਬੁਖਾਰ, ਖੰਘ ਅਤੇ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਸੀ। ਉਸ ਨੂੰ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਈ ਬਲੱਡ ਪ੍ਰੈਸ਼ਰ ਦੇ ਨਾਲ ਉਸ ਨੂੰ ਪਿਛਲੇ 5 ਸਾਲਾਂ ਤੋਂ ਪ੍ਰੋਸਟੇਟ ਕੈਂਸਰ ਅਤੇ 20 ਸਾਲਾਂ ਤੋਂ ਪੁਰਾਣੀ ਪਲਮਨਰੀ ਬਿਮਾਰੀ ਸੀ।
ਡਾ. ਸੁਰੇਸ਼ ਨੇ ਦੱਸਿਆ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਬਜ਼ੁਰਗ ਦਾ ਕੋਵਿਡ ਐਂਟੀਜੇਨ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ। ਤੀਜੇ ਦਿਨ ਉਸ ਦੇ ਖੂਨ ਦੇ ਮਾਪਦੰਡ ਵਿਗੜ ਗਏ। ਜਿਸ ਕਾਰਨ ਉਸ ਨੂੰ ਆਰਆਈਸੀਯੂ ਵਿੱਚ ਸ਼ਿਫ਼ਟ ਕੀਤਾ ਗਿਆ ਜਿੱਥੇ ਉਸ ਨੂੰ ਉੱਚ ਪ੍ਰਵਾਹ ਆਕਸੀਜਨ ਅਤੇ ਸਹਾਇਕ ਇਲਾਜ ਦੇ ਨਾਲ ਐਂਟੀਵਾਇਰਲਸ ਦਿੱਤੇ ਗਏ। ਉਸ ਦੀ ਹਾਲਤ ਨਾਜ਼ੁਕ ਬਣ ਜਾਣ ਕਾਰਨ ਬਜ਼ੁਰਗ ਨੂੰ 10 ਦਿਨ ਸਟੀਰੌਇਡਾਂ ਅਤੇ ਵੈਂਟੀਲੇਟਰ ’ਤੇ ਰੱਖਿਆ ਗਿਆ।
ਉਧਰ, ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਮਹਾਮਾਰੀ ਦੇ 55 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 12 ਹਜ਼ਾਰ 522 ’ਤੇ ਪਹੁੰਚ ਗਈ ਹੈ। ਉਂਜ ਨਾਲ ਨਾਲ ਕਰੋਨਾ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਵਿੱਚ ਵੀ ਪਰਤ ਰਹੇ ਹਨ। ਅੱਜ 31 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਜਦੋਂਕਿ ਹੁਣ ਤੱਕ 237 ਮੌਤਾਂ ਹੋ ਚੁੱਕੀਆਂ ਹਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ 55 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 42 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 1, ਘੜੂੰਆਂ ਵਿੱਚ 6, ਢਕੋਲੀ ਵਿੱਚ 3 ਅਤੇ ਡੇਰਾਬੱਸੀ ਵਿੱਚ 3 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 550 ਨਵੇਂ ਕੇਸ ਐਕਟਿਵ ਹਨ। ਜਦੋਂਕਿ ਹੁਣ ਤੱਕ 11 ਹਜ਼ਾਰ 735 ਕਰੋਨਾ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…