
ਆਈਵੀ ਹਸਪਤਾਲ ’ਚ ਜੇਰੇ ਇਲਾਜ 95 ਸਾਲਾ ਬਜ਼ੁਰਗ ਨੇ ਕਰੋਨਾ ਨੂੰ ਹਰਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਇੱਥੋਂ ਦੇ ਸੈਕਟਰ-71 ਸਥਿਤ ਆਈਵੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਜੇਰੇ ਇਲਾਜ 95 ਸਾਲਾ ਬਜ਼ੁਰਗ ਆਪਣੇ ਆਤਮ ਵਿਸ਼ਵਾਸ ਅਤੇ ਡਾਕਟਰਾਂ ਦੀ ਮਦਦ ਨਾਲ ਕਰੋਨਾ ਮਹਾਮਾਰੀ ਨੂੰ ਸਫਲਤਾਪੂਰਵਕ ਹਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਹ ਪਿਛਲੇ 19 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਹੁਣ ਬਜ਼ੁਰਗ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਆਈਵੀ ਹਸਪਤਾਲ ਦੇ ਸੀਨੀਅਰ ਪਲਮਨੋਲੋਜਿਸਟ ਡਾ. ਸੁਰੇਸ਼ ਗੋਇਲ ਨੇ ਦੱਸਿਆ ਕਿ ਬਜ਼ੁਰਗ ਨੂੰ ਬੁਖ਼ਾਰ, ਖਾਸੀ ਅਤੇ ਸਾਹ ਲੈਣ ਵਿੱਚ ਦਿੱਕਤ ਸੀ ਅਤੇ ਸਿਰਫ਼ 80 ਫੀਸਦੀ ਆਕਸੀਜਨ ਦੀ ਸ਼ਿਕਾਇਤ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਜਦੋਂ ਬਜ਼ੁਰਗ ਦਾ ਕਰੋਨਾ ਟੈਸਟ ਕੀਤਾ ਗਿਆ ਤਾਂ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਸ ਨੂੰ ਤੁਰੰਤ ਆਰਆਈਸੀਯੂ ਵਾਰਡ ਵਿੱਚ ਰੱਖਿਆ ਗਿਆ। ਪੀੜਤ ਬਜ਼ੁਰਗ ਨੂੰ 8ਵੇਂ ਦਿਨ ਸੇਪੀਸਿਸ ਹੋ ਗਿਆ, ਅਗਲੇ ਦਿਨ ਉਨ੍ਹਾਂ ਨੂੰ ਹੇਮੋਡਾਇਆਲਿਸਸ ਸੈਸ਼ਨ ਦਿੱਤਾ ਗਿਆ।
ਡਾ. ਸੁਰੇਸ਼ ਗੋਇਲ ਨੇ ਕਿਹਾ ਕਿ ਹੌਲੀ-ਹੌਲੀ ਬਜ਼ੁਰਗ ਦੇ ਗੁਰਦੇ ਅਤੇ ਜਿਗਰ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਜ਼ੁਰਗ ਦਾ ਦੁਬਾਰਾ ਟੈਸਟ ਕੀਤਾ ਅਤੇ ਰਿਪੋਰਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।