
ਲੋਕਾਂ ਨੂੰ ਰੋਗ ਮੁਕਤ ਜੀਵਨ ਜਿਊਣ ਦੀ ਰਾਹ ਦਿਖਾਉਂਦਾ ਹੈ ਯੋਗ: ਕੁਲਜੀਤ ਬੇਦੀ
ਰੋਜ਼ ਗਾਰਡਨ ਮੁਹਾਲੀ ਵਿਖੇ ਮਨਾਇਆ ਅੱਠਵਾਂ ਅੰਤਰਰਾਸ਼ਟਰੀ ਯੋਗ ਦਿਵਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ
ਅੱਠਵਾਂ ਅੰਤਰਰਾਸ਼ਟਰੀ ਯੋਗ ਦਿਵਸ ਅੱਜ ਮਹਿਲਾ ਪਤੰਜਲੀ ਯੋਗ ਸਮਿਤੀ (ਚੰਡੀਗੜ੍ਹ, ਜ਼ਿਲ੍ਹਾ ਮੁਹਾਲੀ) ਵੱਲੋਂ ਇੱਥੋਂ ਦੇ ਫੇਜ਼3ਬੀ1 ਸਥਿਤ ਰੋਜ਼ ਗਾਰਡਨ ਵਿਖੇ ਮਨਾਇਆ ਗਿਆ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਮੁੱਖ ਮਹਿਮਾਨ ਸਨ ਜਦੋਂਕਿ ਕੌਂਸਲਰ ਰਮਨਦੀਪ ਕੌਰ ਕੁੰਭੜਾ ਅਤੇ ਕਰਨਲ ਸਰਦੂਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਿਪਟੀ ਮੇਅਰ ਕੁਲਦੀਪ ਸਿੰਘ ਬੇਦੀ ਨੇ ਯੋਗ ਦਿਵਸ ਦੀ ਵਧਾਈ ਦਿੰਦਿਆਂ ਯੋਗ ਦੇ ਫਾਇਦਿਆਂ ਬਾਰੇ ਚਾਨਣਾ ਪਾਇਆ ਅਤੇ ਮੁਹਾਲੀ ਸ਼ਹਿਰ ਨੂੰ ਪੌਲੀਥੀਨ ਮੁਕਤ ਬਣਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਯੋਗ ਲੋਕਾਂ ਨੂੰ ਰੋਗ ਮੁਕਤ ਜੀਵਨ ਜਿਊਣ ਦੀ ਰਾਹ ਦਿਖਾਉਂਦਾ ਹੈ ਅਤੇ ਹਰੇਕ ਵਿਅਕਤੀ ਨੂੰ ਆਪਣੇ ਲਈ ਸਮਾਂ ਕੱਢ ਕੇ ਰੋਜ਼ਾਨਾ ਯੋਗ ਜ਼ਰੂਰ ਕਰਨਾ ਚਾਹੀਦਾ ਹੈ। ਸੂਬਾ ਇੰਚਾਰਜ ਪਤੰਜਲੀ ਯੋਗ ਸਮਿਤੀ ਸੁਧਾ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਇੱਥੇ ਆਉਣ ਤੇ ਸਵਾਗਤ ਕੀਤਾ।
ਮੰਚ ਸੰਚਾਲਨ ਜਨਰਲ ਸਕੱਤਰ ਤੇ ਸੂਬਾ ਕਾਰਜਕਾਰਨੀ ਮੈਂਬਰ ਅੰਜਨਾ ਸੋਨੀ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਵੂਮੈਨ ਵੈਲਫੇਅਰ ਐਸੋਸੀਏਸ਼ਨ ਸੈਕਟਰ 60 ਦੀ ਪ੍ਰਧਾਨ ਜਗਜੀਤ ਕੌਰ ਸਿੱਧੂ ਜੀ ਵੀ ਮੌਜੂਦ ਸਨ। ਇਸ ਪ੍ਰੋਗਰਾਮ ਲਈ ਯੋਗਾ ਅਧਿਆਪਕ ਅਰਵਿੰਦ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਾਰੇ ਯੋਗਾ ਅਧਿਆਪਕਾ ਸੁਨੈਨਾ, ਅਨੂ ਗੋਇਲ, ਜਸਵੀਰ, ਪ੍ਰੀਤੀ ਕਵਾਤਰਾ, ਨੀਰੂ, ਸਾਕਸ਼ੀ, ਰਵਨੀਤ ਕੌਰ ਅਤੇ ਮਾਤਾ ਰਾਜਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 250 ਦੇ ਕਰੀਬ ਲੋਕਾਂ ਨੇ ਯੋਗਾ ਕੀਤਾ।