
ਨੌਜਵਾਨ ਲੜਕੇ ਲੜਕੀਆਂ ਨਸ਼ਿਆਂ ਤੇ ਭਰੂਣ ਹੱਤਿਆ ਦੇ ਖ਼ਿਲਾਫ਼ ਜਾਗਰੂਕਤਾ ਦਾ ਹੋਕਾ ਦੇਣ ਲਈ ਸਹਿਯੋਗ ਦੇਣ: ਬੀਬੀ ਸਰਾਓ
ਪਿੰਡ ਘਟੌਰ ਵਿੱਚ ਭਾਈ ਜੈਤਾ ਜੀ ਅਤੇ ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਅਕਤੂਬਰ:
ਇੱਥੋਂ ਦੇ ਨੇੜਲੇ ਪਿੰਡ ਘਟੌਰ ਵਿੱਚ ਭਗਵਾਨ ਬਾਲਮੀਕ ਡਰਾਮਾ ਪਾਰਟੀ ਵੱਲੋਂ ਮਹਾਂਰਿਸ਼ੀ ਭਗਵਾਨ ਵਾਲਮੀਕ ਅਤੇ ਕੌਮ ਦੇ ਮਹਾਨ ਸ਼ਹੀਦ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰੇਮ ਚੰਦ ਭਾਟੀਆ ਵੱਲੋਂ ਪ੍ਰਿਥੀ ਚੰਦ ਰਾਠੋੜ ਦਾ ਡਰਾਮਾ ਪੇਸ਼ ਕੀਤਾ ਗਿਆ। ਇਸ ਮੌਕੇ ਇਸਤਰੀ ਅਕਾਲੀ ਦਲ ਖਰੜ ਅਤੇ ਮਾਈ ਭਾਗੋ ਸੁਸਾਇਟੀ ਦੀ ਪ੍ਰਧਾਨ ਮੈਡਮ ਸਤਵਿੰਦਰ ਕੌਰ ਸਰਾਓ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਰਣਜੀਤ ਸਿੰਘ ਜੀਤੀ ਪਡਿਆਲਾ, ਜਗਜੀਤ ਸਿੰਘ ਗਿੱਲ, ਰਜਿੰਦਰ ਸਿੰਘ ਨੇ ਹਾਜ਼ਰੀ ਭਰੀ।
ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਸਤਵਿੰਦਰ ਕੌਰ ਸਰਾਓ ਨੇ ਕਿਹਾ ਕਿ ਸਾਨੂੰ ਸਾਰੇ ਗੁਰੂਆਂ ਪੀਰਾਂ ਦਾ ਬਰਾਬਰ ਸਤਿਕਾਰ ਕਰਨਾ; ਚਾਹੀਦਾ ਹੈ ਅਤੇ ਸਾਨੂੰ ਸਭ ਨੂੰ ਤਣਾਅ ਮੁਕਤ ਜ਼ਿੰਦਗੀ ਜਿਊਣ ਲਈ ਇਰਖਾ ਛੱਡ ਕੇ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਲੜਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਭਰੂਣ ਹੱਤਿਆ ਦੇ ਖ਼ਿਲਾਫ਼ ਜਾਗਰੂਕਤਾ ਦਾ ਹੋਕਾ ਦੇਣ ਲਈ ਸਹਿਯੋਗ ਦੇਣ ਤਾਂ ਜੋ ਨਵੇਂ ਨਰੋਏ ਸਮਾਜ ਦੀ ਸਿਰਜਣਾ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ। ਇਸ ਮੌਕੇ ਪਰਮਜੀਤ ਕੌਰ ਢਿੱਲੋਂ, ਹਰਿੰਦਰਪਾਲ ਸਿੰਘ ਪੰਚ, ਚਰਨਜੀਤ ਸਿੰਘ, ਸੁਰਿੰਦਰ ਸਿੰਘ, ਗਿਆਨੀ ਗੁਰਜੀਤ ਸਿੰਘ ਪੰਚ, ਗੁਰਮੁੱਖ ਸਿੰਘ ਪੰਚ ਵੀ ਮੌਜੂਦ ਸਨ।