Nabaz-e-punjab.com

ਯੁਵਾ ਪੀੜ੍ਹੀ ਦਾ ਭਵਿੱਖ ਧੁੰਦਲਾ: ਸਾਲ ਭਰ ਦੁਬਈ ਵਿੱਚ ਧੱਕੇ ਖਾਣ ਤੋਂ ਬਾਅਦ ਘਰ ਪਰਤਿਆ ਨੌਜਵਾਨ

ਰੁਜ਼ਗਾਰ ਦੀ ਭਾਲ ਵਿੱਚ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਖ਼ਤਰਨਾਕ ਮੋੜ ’ਤੇ ਪੁੱਜਾ: ਬੀਬੀ ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਰੁਜ਼ਗਾਰ ਦੀ ਭਾਲ ਅਤੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਵਿਦੇਸ਼ੀ ਮੁਲਕਾਂ ਵਿੱਚ ਜਾਣ ਵਾਲੇ ਨੌਜਵਾਨ ਅਖੌਤੀ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਬੇਗਾਨੇ ਮੁਲਕ ਵਿੱਚ ਨਰਕਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅਜਿਹਾ ਇਕ ਮਾਮਲਾ ਮੀਡੀਆ ਦੇ ਸਾਹਮਣੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਨੇੜਲੇ ਪੰਨੂਆਂ ਦਾ ਨੌਜਵਾਨ ਮਨਜੋਤ ਸਿੰਘ ਚੰਡੀਗੜ੍ਹ ਦੇ ਟਰੈਵਲ ਏਜੰਟ ਰਾਹੀਂ ਦੁਬਈ ਦੀ ਇਕ ਕੰਪਨੀ ਵਿੱਚ ਕੰਮ ਕਰਨ ਲਈ ਗਿਆ ਸੀ। ਜਿੱਥੇ ਉਸ ਤੋਂ ਤੈਅ ਸਮੇਂ ਤੋਂ ਵੱਧ ਕੰਮ ਲਿਆ ਜਾਂਦਾ ਸੀ ਅਤੇ ਕੰਮ ਬਦਲੇ ਉਸ ਨੂੰ ਤਨਖ਼ਾਹ ਵੀ ਨਹੀਂ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਕਰੀਬ ਪੌਣਾ ਸਾਲ ਉਕਤ ਨੌਜਵਾਨ ਨੇ ਬੇਗਾਨੇ ਮੁਲਕ ਵਿੱਚ ਆਪਣੇ ਪਿੰਡੇ ’ਤੇ ਕਾਫੀ ਤਸ਼ੱਦਦ ਝੱਲਿਆ। ਇਸ ਦੌਰਾਨ ਮਨਜੋਤ ਸਿੰਘ ਦੇ ਪਿਤਾ ਜਗਤਾਰ ਸਿੰਘ ਹੈਲਪਿੰਗ ਹੈਪਲੈੱਸ ਦੇ ਦਫ਼ਤਰ ਵਿੱਚ ਪਹੁੰਚ ਕੇ ਬੀਬੀ ਰਾਮੂਵਾਲੀਆ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ।
ਇਸ ਮੌਕੇ ਪੀੜਤ ਮਨਜੋਤ ਸਿੰਘ ਨੇ ਦੱਸਿਆ ਕਿ ਦੁਬਈ ਵਿੱਚ ਉਸ ਕੋਲੋਂ ਜ਼ਬਰਦਸਤੀ 19-19 ਘੰਟੇ ਕੰਮ ਲਿਆ ਜਾਂਦਾ ਸੀ ਅਤੇ ਨਾ ਹੀ ਰਹਿਣ ਦੀ ਕੋਈ ਸਹੂਲਤ ਸੀ ਅਤੇ ਨਾ ਹੀ ਨਹਾਉਣ ਤੇ ਕੱਪੜੇ ਧੋਣ ਦੀ ਸੁਵਿਧਾ ਸੀ। ਇਹੀ ਨਹੀਂ ਲੋੜ ਮੁਤਾਬਕ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਇਕ ਟਾਇਮ ਖਾਣੇ ਨਾਲ ਕੰਮ ਚਲਾਉਣਾ ਪੈਂਦਾ ਸੀ। ਬਿਮਾਰ ਹੋਣ ’ਤੇ ਵੀ ਪੈਸੇ ਕੱਟ ਲਏ ਜਾਂਦੇ ਸੀ। ਇਤਰਾਜ਼ ਕਰਨ ’ਤੇ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਕੁਟਾਪਾ ਚਾੜ੍ਹਿਆ ਜਾਂਦਾ ਸੀ। ਕੰਪਨੀ ਨੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਅਤੇ ਪੁਲੀਸ ਕੋਲ ਝੂਠੇ ਦੋਸ਼ ਲਗਾ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਜਿਸ ਕਾਰਨ ਇਕ ਮਹੀਨਾ ਉਸ ਨੂੰ ਬਿਨਾਂ ਵਜ੍ਹਾ ਜੇਲ੍ਹ ਵਿੱਚ ਰਹਿਣਾ ਪਿਆ। ਲੇਕਿਨ ਜੱਜ ਨੇ ਉਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਝੂਠੇ ਕੇਸ ਤੋਂ ਬਰੀ ਕਰ ਦਿੱਤਾ।
ਉਨ੍ਹਾਂ ਦੋਸ਼ ਲਾਇਆ ਕਿ ਧੋਖੇਬਾਜ਼ ਏਜੰਟ ਨੇ ਉਸ ਨੂੰ ਛੁਡਾਉਣ ਲਈ ਉਸ ਦੇ ਘਰਦਿਆਂ ਤੋਂ ਇਕ ਲੱਖ ਹੋਰ ਠੱਗੇ ਗਏ ਜਦੋਂਕਿ ਉਸ ਦੇ ਪਿਤਾ ਨੇ ਵਿਦੇਸ਼ ਭੇਜਣ ਲਈ ਚਾਰ ਲੱਖ ਰੁਪਏ ਕਰਜ਼ਾ ਚੁੱਕ ਕੇ ਦਿੱਤੇ ਸੀ। ਪੀੜਤ ਨੌਜਵਾਨ ਨੇ ਦੱਸਿਆ ਕਿ ਇਸ ਸਮੇਂ ਉਸ ਦਾ ਪਰਿਵਾਰ ਕਰੀਬ ਸੱਤ ਲੱਖ ਰੁਪਏ ਦੇ ਕਰਜ਼ੇ ਥੱਲੇ ਆ ਚੁੱਕਾ ਹੈ। ਉਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਵਿੱਚ ਜਾਣ ਦਾ ਸੁਪਨਾ ਛੱਡ ਕੇ ਆਪਣੇ ਦੇਸ ਵਿੱਚ ਰਹਿ ਕੇ ਕੰਮ ਕਰਨ ਨੂੰ ਤਰਜ਼ੀਹ ਦੇਣ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਧਾਰਮਿਕ ਸਮਾਗਮ ਕਰਵਾਇਆ

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਧਾਰਮਿਕ ਸਮਾਗਮ ਕਰਵਾਇਆ ਨਬਜ਼-ਏ-ਪੰਜਾਬ, ਮੁਹਾਲੀ, 20 ਜਨਵਰੀ: ਪੰਜਾਬ…