
ਜੂਏ ਦਾ ਅੱਡਾ ਬੰਦ ਕਰਵਾਉਣ ਵਾਲੇ ਨੌਜਵਾਨ ਦੀ ਕੁੱਟਮਾਰ
ਪੁਲੀਸ ’ਤੇ ਲਾਇਆ ਹਮਲਾਵਰਾਂ ਨਾਲ ਸਮਝੌਤਾ ਕਰਵਾਉਣ ਲਈ ਦਬਾਅ ਪਾਉਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਇੱਥੋਂ ਦੇ ਫੇਜ਼-8 ਸਥਿਤ ਵਾਈਪੀਐਸ ਚੌਕ ਨੇੜੇ ਸ਼ਰਾਬ ਦੇ ਠੇਕੇ ਦੇ ਪਿੱਛੇ ਗਰਾਉਂਡ ਵਿੱਚ ਸਿਆਸੀ ਰਸੂਖ ਰੱਖਣ ਵਾਲੇ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਜੂਏ ਦਾ ਅੱਡਾ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜੂਏ ਦੇ ਇਸ ਅੱਡੇ ਨੂੰ ਬੰਦ ਕਰਵਾਉਣ ਲਈ ਮੀਡੀਆ ਅਤੇ ਪੁਲੀਸ ਨੂੰ ਸ਼ਿਕਾਇਤਾਂ ਦੇਣ ਵਾਲੇ ਨੌਜਵਾਨ ਨੂੰ ਫੜ ਕੇ ਅੱਜ ਕੁਟਾਪਾ ਚਾੜਿਆ ਗਿਆ। ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੀੜਤ ਨੌਜਵਾਨ ਗੁਰਦੀਪ ਸਿੰਘ ਉਰਫ਼ ਮਨੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਮਲਾਵਰ ਕਾਂਗਰਸ ਦੇ ਲੇਬਰ ਸੈੱਲ ਦਾ ਆਗੂ ਦੱਸਿਆ ਜਾ ਰਿਹਾ ਹੈ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਇੱਥੋਂ ਦੇ ਫੇਜ਼-7 ਦਾ ਵਸਨੀਕ ਹੈ। ਇਸ ਖੇਤਰ ਵਿੱਚ ਉਸ ਦੇ ਹੋਰ ਵੀ ਜਾਣਕਾਰ ਰਹਿੰਦੇ ਹਨ। ਉਸ ਨੇ ਦੱਸਿਆ ਕਿ ਵਾਈਪੀਐਸ ਚੌਕ ਨੇੜੇ ਸ਼ਰਾਬ ਦੇ ਠੇਕੇ ਦੇ ਪਿੱਛੇ ਕਾਫ਼ੀ ਸਮੇਂ ਤੋਂ ਸਿਆਸੀ ਆਗੂਆਂ ਦੀ ਸਹਿ ’ਤੇ ਜੂਏ ਦਾ ਅੱਡਾ ਚੱਲ ਰਿਹਾ ਹੈ। ਇਸ ਸਬੰਧੀ ਉਹ ਕਈ ਵਾਰ ਸ਼ਿਕਾਇਤਾਂ ਦੇ ਚੁੱਕਾ ਹੈ। ਜਿਸ ਕਾਰਨ ਜੂਆ ਖਿਡਾਉਣ ਵਾਲੇ ਵਿਅਕਤੀ ਉਸ ਨਾਲ ਰੰਜ਼ਸ਼ ਰੱਖਣ ਲੱਗ ਪਏ। ਪੀੜਤ ਨੇ ਦੱਸਿਆ ਕਿ ਉਹ ਅੱਜ ਆਪਣਾ ਕੁੱਤਾ ਘੁੰਮਾ ਰਿਹਾ ਸੀ ਤਾਂ ਏਨੇ ਵਿੱਚ ਉਥੇ ਜੂਆ ਖਿਡਾਉਣ ਵਾਲਾ ਨੌਜਵਾਨ ਵੀ ਪਹੁੰਚ ਗਿਆ ਅਤੇ ਕਹਿਣ ਲੱਗਾ ਕਿ ਉਸ (ਪੀੜਤ) ਵੱਲੋਂ ਸ਼ਿਕਾਇਤਾਂ ਕਰਨ ਕੀ ਉਸ ਦਾ ਅੱਡਾ ਬੰਦ ਹੋ ਗਿਆ? ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋ ਗਈ ਅਤੇ ਦੇਖਦੇ ਹੀ ਦੇਖਦੇ ਕੁੱਝ ਹੋਰ ਵਿਅਕਤੀ ਉੱਥੇ ਪਹੁੰਚ ਗਏ ਅਤੇ ਉਸ ’ਤੇ ਹਮਲਾ ਕਰ ਦਿੱਤਾ।
ਸੂਚਨਾ ਮਿਲਦੇ ਹੀ ਦੋ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਅਤੇ ਉਸ ਨੂੰ ਹਸਪਤਾਲ ਲਿਜਾਉਣ ਦੀ ਬਜਾਏ ਥਾਣੇ ਲਿਜਾ ਕੇ ਉਸ (ਪੀੜਤ) ਦਾ ਹਮਲਾਵਰਾਂ ਨੂੰ ਸੱਦ ਕੇ ਆਪਸੀ ਸਮਝੌਤਾ ਕਰਵਾ ਦੇਣ ਦੀ ਗੱਲ ਕਹਿ ਕੇ ਕਾਰਵਾਈ ਤੋਂ ਪੱਲਾ ਝਾੜ ਲਿਆ ਪ੍ਰੰਤੂ ਜਦੋਂ ਪੀੜਤ ਨੌਜਵਾਨ ਸਮਝੌਤੇ ਲਈ ਰਾਜ਼ੀ ਨਹੀਂ ਹੋਇਆ ਤਾਂ ਪੁਲੀਸ ਨੇ ਉਸ ਨੂੰ ਆਪਣਾ ਮੈਡੀਕਲ ਕਰਵਾਉਣ ਲਈ ਹਸਪਤਾਲ ਤੋਰ ਦਿੱਤਾ। ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਨੂੰ ਥਾਣੇ ਸੱਦਿਆ। ਜਿਸ ਨੇ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੀੜਤ ਨੇ ਦੋਸ਼ ਲਾਇਆ ਕਿ ਹਮਲਾਵਰਾਂ ਵੱਲੋਂ ਉਸ ਨੂੰ ਸ਼ਿਕਾਇਤ ਵਾਪਸ ਲੈਣ ਲਈ ਧਮਕਾਇਆ ਜਾ ਰਿਹਾ ਹੈ।
ਉਧਰ, ਦੂਜੇ ਪਾਸੇ ਇਸ ਘਟਨਾ ਸਬੰਧੀ ਪੁਲੀਸ ਦਾ ਪੱਖ ਜਾਣਨ ਲਈ ਜਦੋਂ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਅਜੀਤੇਸ਼ ਕੌਸ਼ਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਥਾਣਾ ਮੁਖੀ ਨੇ ਪੀੜਤ ਨੌਜਵਾਨ ਵੱਲੋਂ ਹਮਲਾਵਰਾਂ ਨਾਲ ਸਮਝੌਤਾ ਕਰਵਾਉਣ ਲਈ ਦਬਾਅ ਪਾਉਣ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਇਹ ਵੀ ਸਪੱਸ਼ਟ ਕੀਤਾ ਕਿ ਠੇਕੇ ਦੇ ਪਿੱਛੇ ਕੋਈ ਜੂਏ ਦਾ ਅੱਡਾ ਨਹੀਂ ਚਲਦਾ ਹੈ। ਠੇਕੇ ਨੇੜੇ ਹੀ ਲੇਬਰ ਚੌਕ ਹੈ। ਜਿੱਥੇ ਦੋ ਧਿਰਾਂ ਵਿੱਚ ਝਗੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਨੂੰ ਜ਼ਖ਼ਮੀ ਦਾ ਬਿਆਨ ਦਰਜ ਕਰਨ ਲਈ ਹਸਪਤਾਲ ਭੇਜਿਆ ਗਿਆ ਹੈ। ਪੀੜਤ ਦੇ ਬਿਆਨ ਦਰਜ ਕਰਨ ਅਤੇ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।