
ਹੋਟਲ ਦੀ ਛੱਤ ਤੋਂ ਡਿੱਗ ਕੇ ਸ਼ੱਕੀ ਹਾਲਤ ਵਿੱਚ ਨੌਜਵਾਨ ਦੀ ਮੌਤ
ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਤਲ ਦੀ ਸ਼ੰਕਾ ਜਤਾਈ, ਪੁਲੀਸ ਵੱਲੋਂ ਜਾਂਚ ਸ਼ੁਰੂ
ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 6 ਜੁਲਾਈ:
ਇੱਥੋਂ ਦੇ ਬਲਟਾਣਾ ਖੇਤਰ ਵਿੱਚ ਇਕ ਹੋਟਲ ਦੀ ਤੀਜ਼ੀ ਮੰਜ਼ਲ ਤੋਂ ਡਿੱਗਣ ਕਾਰਨ 32 ਸਾਲਾ ਦੇ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਹੁਲ ਸ਼ਰਮਾ ਵਾਸੀ ਰੇਗਲਿਆ ਟਾਵਰ ਬਸੰਤ ਵਿਹਾਰ, ਢਕੋਲੀ (ਜ਼ੀਰਕਪੁਰ) ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਰਾਹੁਲ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਪੁਲੀਸ ਤੋਂ ਮਾਮਲੇ ਦੀ ਜਾਂਚ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬਲਟਾਣਾ ਪੁਲੀਸ ਨੇ ਦੱਸਿਆ ਕਿ ਪੰਚਕੂਲਾ ਸੜਕ ’ਤੇ ਸਥਿਤ ਏ ਟੂ ਜੈੱਡ ਹੋਟਲ ਵਿੱਚ ਮ੍ਰਿਤਕ ਰਾਹੁਲ ਸ਼ਰਮਾ ਅਤੇ ਉਸਦੇ ਦੋਸਤ ਪ੍ਰਦੀਪ ਵੱਲੋਂ ਕਮਰਾ ਲਿਆ ਗਿਆ ਸੀ। ਕਮਰਾ ਬੁੱਕ ਕਰਵਾਉਣ ਮਗਰੋਂ ਪ੍ਰਦੀਪ ਕੁਝ ਖਾਣ ਪੀਣ ਦਾ ਸਾਮਾਨ ਲੈਣ ਲਈ ਚਲਾ ਗਿਆ। ਜਦਕਿ ਹੋਟਲ ਦੇ ਕਮਰੇ ਵਿੱਚ ਹੀ ਰੁਕ ਗਿਆ। ਪ੍ਰਦੀਪ ਨੇ ਦੱਸਿਆ ਕਿ ਜਦ ਉਹ ਵਾਪਸ ਆਇਆ ਤਾਂ ਰਾਹੁਲ ਨੇ ਤੀਜ਼ੀ ਮੰਜ਼ਲ ਤੋਂ ਹੇਠਾਂ ਛਾਲ ਮਾਰ ਦਿੱਤੀ ਸੀ। ਪ੍ਰਦੀਪ ਅਤੇ ਹੋਟਲ ਦਾ ਮਾਲਕ ਵਿਜੇ ਜ਼ਖ਼ਮੀ ਰਾਹੁਲ ਨੂੰ ਪੰਚਕੂਲਾ ਸੈਕਟਰ ਛੇ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੌਕੇ ‘ਤੇ ਪਹੁੰਚੇ ਮ੍ਰਿਤਕ ਦੇ ਪਿਤਾ ਮੁਕੇਸ਼ ਨੇ ਦੋਸ਼ ਲਾਇਆ ਕਿ ਉਸਦੇ ਲੜਕੇ ਦੇ ਕਤਲ ਕੀਤਾ ਗਿਆ ਹੈ। ਉਨਢਾਂ ਨੇ ਕਿਹਾ ਕਿ ਰਾਹੁਲ ਬਿਲਕੁਲ ਠੀਕ ਸੀ ਜੋ ਅਜਿਹਾ ਕਦਮ ਨਹੀ ਚੁੱਕ ਸਕਦਾ। ਉਨ੍ਹਾਂ ਨੇ ਪੁਲੀਸ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।