
ਮਕਾਨ ਦੀ ਛੱਤ ਡਿੱਗਣ ਕਾਰਨ ਨੌਜਵਾਨ ਦੀ ਮੌਤ
ਨਬਜ਼-ਏ-ਪੰਜਾਬ, ਖਰੜ 8 ਮਈ:
ਇੱਥੋਂ ਦੇ ਨਜ਼ਦੀਕੀ ਪਿੰਡ ਮਾਮੂਪੁਰ ਵਿਖੇ ਅੱਜ ਦੁਪਹਿਰ ਸਮੇਂ ਇਕ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਘਰ ਵਿੱਚ ਸੁੱਤੇ ਪਏ ਨੌਜਵਾਨ ਦੀ ਮੌਤ ਹੋਣ ਬਾਰੇ ਪਤਾ ਲੱਗਾ ਹੈ।
ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਲਕੱਤਾ ਜੋ ਕਿ ਆਪਣੇ ਨਾਨਕੇ ਘਰ ਮਾਮਾ ਰਛਪਾਲ ਸਿੰਘ ਦੇ ਕੋਲ ਆਪਣੀ ਮਾਂ ਨਾਲ ਆਇਆ ਹੋਇਆ ਸੀ। ਪੁਲੀਸ ਦੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਜਦੋਂ ਉਹ ਘਰ ਦੇ ਇਕ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਇਸ ਦੌਰਾਨ ਅਚਾਨਕ ਹੀ ਕਮਰੇ ਦੀ ਕੱਚੀ ਛੱਤ ਡਿੱਗ ਪਈ। ਜਦੋਂ ਇਹ ਹਾਦਸਾ ਵਾਪਰਿਆਂ ਉਸ ਸਮੇਂ ਪਰਿਵਾਰ ਦੇ ਬਾਕੀ ਮੈਂਬਰ ਬਾਹਰ ਬੈਠੇ ਸਨ। ਛੱਤ ਡਿੱਗਣ ਤੋਂ ਬਾਅਦ ਇਕੱਠੇ ਹੋਏ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਡਿੱਗੀ ਛੱਤ ਹੇਠੋਂ ਕੱਢਿਆ ਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਖਰੜ ਵਿਖੇ ਪਹੁੰਚਾਇਆ ਗਿਆ। ਜਿੱਥੇ ਡਿਊਟੀ ‘ਤੇ ਤਾਇਨਾਤ ਡਾਕਟਰ ਸੁਖਜੀਤ ਸਿੰਘ ਬਾਵਾ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਲਾਸ਼ ਦਾ ਭਲਕੇ ਅੈਤਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ।