Nabaz-e-punjab.com

ਪਿੰਡ ਕੰਬਾਲਾ ਵਿੱਚ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ

ਮ੍ਰਿਤਕ ਦੀ ਜੇਬ ’ਚੋਂ ਸਲਫਾਸ ਦੀਆਂ ਗੋਲੀਆਂ ਮਿਲੀਆਂ, ਇਕ ਧਿਰ ਵੱਲੋਂ ਕਤਲ ਦੀ ਸੰਕਾਂ

ਸਰਕਾਰੀ ਹਸਪਤਾਲ ਵਿੱਚ ਕੀਤਾ ਲਾਸ਼ ਦਾ ਪੋਸਟ ਮਾਰਟਮ, ਸੋਮਵਾਰ ਨੂੰ ਮਿਲੇਗੀ ਰਿਪੋਰਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਇੱਥੋਂ ਦੇ ਨੇੜਲੇ ਪਿੰਡ ਕੰਬਾਲਾ ਵਿੱਚ ਹਰਿਆਣਾ ਦੇ ਇਕ ਨੌਜਵਾਨ ਦੀ ਭੇਤਭਰੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜਸਬੀਰ ਸਿੰਘ ਉਰਫ਼ ਗਾਜਾ (24) ਵਾਸੀ ਪਿੰਡ ਕੇਸਰੀ, ਜ਼ਿਲ੍ਹਾ ਅੰਬਾਲਾ, (ਹਰਿਆਣਾ) ਵਜੋਂ ਹੋਈ ਹੈ। ਹਾਲਾਂਕਿ ਨੌਜਵਾਨ ਦੀ ਮੌਤ ਬਾਰੇ ਇਕ ਧਿਰ ਨੇ ਕਤਲ ਕਰਨ ਦੀ ਸ਼ੰਕਾ ਪ੍ਰਗਟਾਈ ਹੈ ਪ੍ਰੰਤੂ ਪੁਲੀਸ ਨੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਮੈਡੀਕਲ ਬੋਰਡ ਕੋਲੋਂ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਫਿਲਹਾਲ ਪੁਲੀਸ ਨੇ ਇਸ ਮਾਮਲੇ ਵਿੱਚ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੀ ਅੌਰਤ ਕੁਲਦੀਪ ਕੌਰ ਨੇ ਪਿੰਡ ਕੰਬਾਲਾ ਦੇ ਵਸਨੀਕ ਸੱਜਣ ਸਿੰਘ ਨਾਲ ਪਤਵੰਤਿਆਂ ਦੀ ਹਾਜ਼ਰੀ ਵਿੱਚ ਦੂਜਾ ਵਿਆਹ ਕਰਵਾਇਆ ਸੀ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਪਿੰਡ ਕੰਬਾਲਾ ਵਿੱਚ ਇਕੱਠੇ ਰਹਿ ਰਹੇ ਹਨ। ਮ੍ਰਿਤਕ ਨੌਜਵਾਨ ਵੀ ਅਕਸਰ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ। ਪੁਲੀਸ ਨੇ ਬੀਤੀ 19 ਫਰਵਰੀ ਦੀ ਰਾਤ ਨੂੰ ਕੁਲਦੀਪ ਕੌਰ ਦੀ ਇਤਲਾਹ ’ਤੇ ਜਸਬੀਰ ਸਿੰਘ ਦੀ ਲਾਸ਼ ਉਨ੍ਹਾਂ ਦੇ ਘਰ ’ਚੋਂ ਬਰਾਮਦ ਕੀਤੀ ਗਈ। ਮ੍ਰਿਤਕ ਨੌਜਵਾਨ ਦੀ ਜੇਲ੍ਹ ’ਚੋਂ ਸਲਫਾਸ ਦੀਆਂ ਗੋਲੀਆਂ ਵੀ ਬਰਾਮਦ ਹੋਈਆਂ ਦੱਸੀਆਂ ਜਾ ਰਹੀਆਂ ਹਨ।
ਪੁਲੀਸ ਨੇ ਕੁਲਦੀਪ ਕੌਰ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਉਹ ਪਿੰਡ ’ਚੋਂ ਸ਼ਹਿਰ ਵਿੱਚ ਕਿਸੇ ਜ਼ਰੂਰੀ ਕੰਮ ਗਈ ਹੋਈ ਸੀ ਜਦੋਂ ਦੇਰ ਸ਼ਾਮ ਵਾਪਸ ਘਰ ਆਈ ਤਾਂ ਉਸ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਲਾਸ਼ ਬੈੱਡ ’ਤੇ ਪਈ ਹੈ। ਅੌਰਤ ਨੇ ਤੁਰੰਤ ਮੁਹਾਲੀ ਪੁਲੀਸ ਕੰਟਰੋਲ ਰੂਮ ’ਤੇ ਫੋਨ ਕਰਕੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਪੀਸੀਆਰ ਪਾਰਟੀ ਉਨ੍ਹਾਂ ਦੇ ਘਰ ਪਹੁੰਚ ਗਈ। ਇਸ ਮਗਰੋਂ ਸੋਹਾਣਾ ਥਾਣੇ ਤੋਂ ਵੀ ਪੁਲੀਸ ਮੌਕੇ ’ਤੇ ਪਹੁੰਚ ਗਏ। ਪੁਲੀਸ ਵੱਲੋਂ ਪਿੰਡ ਦੇ ਸਰਪੰਚ ਅਮਰੀਕ ਸਿੰਘ ਅਤੇ ਹੋਰ ਪਤਵੰਤੇ ਵਿਅਕਤੀਆਂ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਮਗਰੋਂ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ। ਅੱਜ ਮ੍ਰਿਤਕ ਨੌਜਵਾਨ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਬੋਰਡ ਵੱਲੋਂ ਪੋਸਟ ਮਾਰਟਮ ਕੀਤਾ ਗਿਆ ਅਤੇ ਪੁਲੀਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਉਧਰ, ਇਕ ਧਿਰ ਨੇ ਨੌਜਵਾਨ ਦੀ ਭੇਦਭਰੀ ਮੌਤ ’ਤੇ ਕਤਲ ਹੋਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਨੇ ਖ਼ੁਦਕੁਸ਼ੀ ਨਹੀਂ ਕੀਤੀ ਹੈ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪਿੰਡ ਵਾਸੀ ਨੇ ਇਕ ਅੌਰਤ ’ਤੇ ਉਸ ਦੀ ਜ਼ਮੀਨ ਹੜੱਪਣ ਦਾ ਵੀ ਦੋਸ਼ ਲਾਇਆ ਹੈ।
(ਬਾਕਸ ਆਈਟਮ)
ਥਾਣਾ ਸੋਹਾਣਾ ਦੇ ਏਐਸਆਈ ਸੰਜੇ ਕੁਮਾਰ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਸਬੰਧੀ ਫਿਲਹਾਲ ਪੁਲੀਸ ਵੱਲੋਂ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। ਸੋਮਵਾਰ ਨੂੰ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿੱਸਰਾ ਕੈਮੀਕਲ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਗਿਆ ਹੈ। ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…