
ਸੜਕ ਹਾਦਸੇ ਜ਼ਖ਼ਮੀ ਨੌਜਵਾਨ ਨੇ ਪੀਜੀਆਈ ’ਚ ਦਮ ਤੋੜਿਆ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਇੱਥੋਂ ਦੇ ਲਾਂਡਰਾਂ ਤੋਂ ਸਨੇਟਾ ਨੂੰ ਜਾਂਦੀ ਮੁੱਖ ਸੜਕ ਨੇੜੇ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਨਜ਼ਦੀਕੀ ਪਿੰਡ ਸ਼ਾਮਪੁਰ ਦੇ ਵਸਨੀਕ ਕੁਲਵਿੰਦਰ ਸਿੰਘ ਉਰਫ਼ ਕਾਲਾ (32) ਨੇ ਇਲਾਜ ਦੌਰਾਨ ਬੀਤੇ ਦਿਨੀਂ ਪੀਜੀਆਈ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਸਬੰਧੀ ਸੋਹਾਣਾ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਦੱਸਿਆ ਗਿਆ ਹੈ ਕਿ ਕੁਲਵਿੰਦਰ ਸਿੰਘ ਪਿੰਡ ਨਾਨੂਮਾਜਰਾ-ਸੰਭਾਲਕੀ ਸੜਕ ਸਰਵਿਸ ਸਟੇਸ਼ਨ ਚਲਾਉਂਦਾ ਸੀ ਅਤੇ ਐਤਵਾਰ ਨੂੰ ਦੇਰ ਰਾਤ ਉਹ ਸਰਵਿਸ ਸਟੇਸ਼ਨ ਬੰਦ ਕਰਕੇ ਆਪਣੇ ਮੋਟਰ ਸਾਈਕਲ ਵਾਪਸ ਘਰ ਜਾ ਰਿਹਾ ਸੀ ਕਿ ਪਿੰਡ ਰਾਏਪੁਰ ਕਲਾਂ ਟੀ ਪੁਆਇੰਟ ਤੋਂ ਜਿਵੇਂ ਹੀ ਮੁੜਨ ਲੱਗਾ ਤਾਂ ਪਿੱਛੋਂ ਆ ਰਹੀ ਹਰਿਆਣਾ ਨੰਬਰ ਦੀ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਪਿਆ ਅਤੇ ਉਸ ਦੇ ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਦੋਂਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਸ ਨੂੰ ਤੁਰੰਤ ਸੋਹਾਣਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੋਸਟ ਮਾਰਟਮ ਤੋਂ ਬਾਅਦ ਪੁਲੀਸ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਅਤੇ ਪਿੰਡ ਸ਼ਾਮਪੁਰ ਵਿੱਚ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।