nabaz-e-punjab.com

ਨੌਜਵਾਨ ਦੀ ਮੌਤ: ਵਿਜੀਲੈਂਸ ਨੇ ਰੱਖਿਆ ਪੱਖ, ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਵਿਜੀਲੈਂਸ ਪੋਪਲੀ ਦੇ ਘਰ ’ਚ ਨਹੀਂ ਫੜੀ, ਵਿਹੜੇ ’ਚੋਂ ਬਰਾਮਦ ਕੀਤੀ ਨਗਦੀ ਤੇ ਸੋਨਾ, ਚਾਂਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਆਈਏਐਸ ਅਫ਼ਸਰ ਸੰਜੇ ਪੋਪਲੀ ਦੇ ਬੇਟੇ ਦੀ ਮੌਤ ਸਬੰਧੀ ਵਿਜੀਲੈਂਸ ਨੇ ਆਪਣਾ ਪੱਖ ਰੱਖਦਿਆਂ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਅੱਜ ਸ਼ਾਮ ਇੱਥੋਂ ਦੇ ਸੈਕਟਰ-68 ਸਥਿਤ ਪੰਜਾਬ ਵਿਜੀਲੈਂਸ ਭਵਨ ਵਿਖੇ ਵਿਜੀਲੈਂਸ ਦੇ ਜਾਂਚ ਅਧਿਕਾਰੀ ਅਜੈ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਕਾਰਤਿਕ ਪੋਪਲੀ ਦੀ ਮੌਤ ਦੀ ਘਟਨਾ ਉਨ੍ਹਾਂ (ਵਿਜੀਲੈਂਸ ਟੀਮ) ਦੇ ਉੱਥੋਂ ਵਾਪਸ ਆ ਜਾਣ ਮਗਰੋਂ ਵਾਪਰੀ ਹੈ। ਉਨ੍ਹਾਂ ਨੂੰ ਕਿਸੇ ਨੇ ਟੀਵੀ ’ਤੇ ਚੱਲ ਰਹੀ ਖ਼ਬਰ ਬਾਰੇ ਫੋਨ ’ਤੇ ਦੱਸਿਆ ਸੀ।
ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਸੰਜੇ ਪੋਪਲੀ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ ਆਪਣੇ ਘਰ ਦੇ ਵਿਹੜੇ ਵਿੱਚ ਲੱਖਾਂ ਦੀ ਨਗਦੀ ਅਤੇ ਸੋਨਾ ਚਾਂਦੀ ਛੁਪਾ ਕੇ ਰੱਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਜ ਮੁਲਜ਼ਮ ਅਧਿਕਾਰੀ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੀ ਸੀ ਪਰ ਜਾਂਚ ਟੀਮ ਉਨ੍ਹਾਂ ਦੇ ਘਰ ਕਮਰਿਆਂ ਵਿੱਚ ਨਹੀਂ ਗਈ ਬਲਕਿ ਬਾਹਰ ਵਿਹੜੇ ਵਿੱਚ ਅਧਿਕਾਰੀ ਦੀ ਨਿਸ਼ਾਨਦੇਹੀ ’ਤੇ ਕਰੀਬ ਸਾਢੇ 12 ਕਿੱਲੋ ਸੋਨਾ ਅਤੇ ਚਾਂਦੀ ਅਤੇ ਲੱਖਾਂ ਰੁਪਏ ਦੀ ਨਗਦੀ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਧਿਕਾਰੀ ਦੇ ਘਰ ਤੋਂ ਇੱਕ ਕਿੱਲੋ ਵਜ਼ਨ ਦੀਆਂ ਸੋਨੇ ਦੀਆਂ 9 ਇੱਟਾਂ, 12 ਸਿੱਕੇ, 49 ਬਿਸਕੁਟ ਅਤੇ ਇੱਕ ਵਜ਼ਨ ਚਾਂਦੀ ਦੀਆਂ ਤਿੰਨ ਇੱਟਾਂ ਅਤੇ 18 ਸਿੱਕੇ ਅਤੇ ਸਾਢੇ ਤਿੰਨ ਲੱਖ ਰੁਪਏ ਨਗਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਕਾਰਵਾਈ ਯੂਟੀ ਪੁਲੀਸ ਦੇ ਇੱਕ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੀ ਮੌਜੂਦਗੀ ਵਿੱਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬਾਕਾਇਦਾ ਨਿਯਮਾਂ ਤਹਿਤ ਸੈਕਟਰ-11 ਦੇ ਥਾਣੇ ਵਿੱਚ ਸੂਚਨਾ ਦਰਜ ਕਰਵਾਈ ਗਈ ਸੀ।
ਜਦੋਂ ਵਿਜੀਲੈਂਸ ਅਧਿਕਾਰੀ ਨੂੰ ਮੁਲਜ਼ਮ ਅਧਿਕਾਰੀ ਦੇ ਬੇਟੇ ਦੀ ਮੌਤ ਅਤੇ ਪਰਿਵਾਰ ਵੱਲੋਂ ਵਿਜੀਲੈਂਸ ’ਤੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ਼ ਲਫ਼ਜ਼ਾ ਵਿੱਚ ਕਿਹਾ ਕਿ ਇਹ ਸਭ ਵਿਜੀਲੈਂਸ ਦੀ ਮੌਜੂਦਗੀ ਵਿੱਚ ਨਹੀਂ ਵਾਪਰਿਆ ਹੈ। ਉਨ੍ਹਾਂ ਦੇ ਉੱਥੇ ਚਲੇ ਜਾਣ ਮਗਰੋਂ ਹੀ ਇਹ ਘਟਨਾ ਵਾਪਰੀ ਹੈ। ਪਰਿਵਾਰ ਵੱਲੋਂ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ, ਇਨ੍ਹਾਂ ਵਿੱਚ ਰੱਤੀ ਭਰ ਵੀ ਸਚਾਈ ਨਹੀਂ ਹੈ। ਵਿਜੀਲੈਂਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਤਲਾਸ਼ੀ ਦੌਰਾਨ ਕਾਰਤਿਕ ਦੀ ਵਿਜੀਲੈਂਸ ਨਾਲ ਕਿਸੇ ਕਿਸਮ ਦੀ ਬਹਿਸ ਜਾਂ ਹੱਥੋਪਾਈ ਨਹੀਂ ਹੋਈ। ਉਂਜ ਅਧਿਕਾਰੀ ਨੇ ਏਨਾ ਜ਼ਰੂਰ ਕਿਹਾ ਕਿ ਹੋ ਸਕਦਾ ਹੈ ਕਿ ਅਧਿਕਾਰੀ ਦੇ ਘਰ ਦੇ ਬਾਹਰੋਂ ਵੱਡੀ ਮਾਤਰਾ ਵਿੱਚ ਸੋਨਾ, ਚਾਂਦੀ ਅਤੇ ਲੱਖਾਂ ਦੀ ਨਗਦੀ ਮਿਲਣ ਤੋਂ ਬਾਅਦ ਬਦਨਾਮੀ ਦੇ ਡਰੋਂ ਜਾਂ ਸਦਮੇ ਕਾਰਨ ਕਾਰਤਿਕ ਨੇ ਇਹ ਕਦਮ ਚੁੱਕਿਆ ਗਿਆ ਹੋਵੇ।
ਵਿਜੀਲੈਂਸ ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਾਂਚ ਟੀਮ ਨੇ ਹੁਣ ਤੱਕ ਕਾਰਤਿਕ ਤੋਂ ਪੁੱਛਗਿੱਛ ਹੀ ਨਹੀਂ ਕੀਤੀ ਹੈ। ਸਗੋਂ ਉਹ (ਕਾਰਤਿਕ) ਖ਼ੁਦ ਰੋਜ਼ਾਨਾ ਆਪਣੀ ਮਰਜ਼ੀ ਨਾਲ ਵਿਜੀਲੈਂਸ ਭਵਨ ਪਹੁੰਚ ਜਾਂਦਾ ਸੀ ਅਤੇ ਆਪਣੇ ਪਿਤਾ ਨੂੰ ਮਿਲਣ ਦੀ ਜ਼ਿੱਦ ਕਰਦਾ ਸੀ। ਇਸ ਤਰ੍ਹਾਂ ਵਿਜੀਲੈਂਸ ਉਸ ਨੂੰ ਸੰਜੇ ਪੋਪਲੀ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਸੀ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…