nabaz-e-punjab.com

ਹੁੱਲੜਬਾਜ਼ ਨੌਜਵਾਨਾਂ ਵੱਲੋਂ ਦੁਕਾਨਦਾਰ ਦੀ ਕੱੁਟਮਾਰ, ਕਾਰ ਦੀ ਤੰਨ ਤੋੜ ਕੀਤੀ

ਕਰਵਾ ਚੌਥ: ਆਪਣੀ ਪਤਨੀ ਦੇ ਹੱਥਾਂ ’ਤੇ ਮਹਿੰਦੀ ਲਗਾਉਣ ਆਇਆ ਸੀ ਪੀੜਤ ਵਿਅਕਤੀ

ਨੌਜਵਾਨਾਂ ਦੇ ਮਾਪਿਆਂ ਨੇ ਥਾਣੇ ਪਹੁੰਚ ਕੇ ਆਪਣੇ ਬੱਚਿਆਂ ਦੇ ਭਵਿੱਖ ਦੀ ਦਿੱਤੀ ਦੁਹਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕੌਮੀ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਚਹਿਲ ਪਹਿਲ ਦੇ ਨਾਲ ਨਾਲ ਹੀ ਹੁੱਲੜਬਾਜ਼ਾਂ ਦੀਆਂ ਕਾਰਵਾਈਆਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇੱਥੋਂ ਦੇ ਫੇਜ਼-3ਬੀ2 ਦੀ ਮੁੱਖ ਮਾਰਕੀਟ ਵਿੱਚ ਲੰਘੀ ਰਾਤ ਕਰੀਬ 12 ਵਜੇ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਦਵਿੰਦਰ ਸਿੰਘ ਨੂੰ ਉਸ ਸਮੇਂ ਕਾਫੀ ਮਹਿੰਗਾ ਪੈ ਗਿਆ ਜਦੋਂਕਿ ਹੁੱਲੜਬਾਜ਼ ਨੌਜਵਾਨਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਪਾਰਕਿੰਗ ਵਿੱਚ ਖੜੀ ਉਸ ਦੀ ਗੱਡੀ ਦੀ ਕਾਫੀ ਤੋੜ ਭੰਨ ਕੀਤੀ ਗਈ। ਜਿਸ ਕਾਰਨ ਮਾਰਕੀਟ ਵਿੱਚ ਸਥਿਤੀ ਤਣਾਅ ਪੂਰਨ ਬਣ ਗਈ। ਜਦੋਂਕਿ ਇੱਕ ਦਿਨ ਪਹਿਲਾਂ ਵੀ ਮਾਰਕੀਟ ਵਿੱਚ ਅਜਿਹੀ ਘਟਨਾ ਵਾਪਰ ਚੁੱਕੀ ਹੈ। ਗੁਰਪ੍ਰੀਤ ਮੋਟਰ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤੀ ਆਪਣੀ ਕਾਰ ਮਾਰਕੀਟ ਦੇ ਸ਼ੋਅਰੂਮ ਨੰਬਰ 71 ਦੇ ਪਿੱਛੇ ਖੜੀ ਕੀਤੀ ਸੀ। ਇਸ ਦੌਰਾਨ ਕਾਰ ਦਾ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਗਿਆ। ਜਿਸ ਕਾਰਨ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 12 ਵਜੇ ਉਹ ਕਰਵਾ ਚੌਥ ਦੇ ਮੌਕੇ ਆਪਣੀ ਪਤਨੀ ਨੂੰ ਮਹਿੰਦੀ ਲਗਾਉਣ ਮਾਰਕੀਟ ਵਿੱਚ ਆਏ ਹੋਏ ਸਨ। ਉਨ੍ਹਾਂ ਦੇਖਿਆ ਕਿ ਕੁਝ ਨੌਜਵਾਨ ਕਈ ਕਾਰਾਂ ਵਿੱਚ ਸਵਾਰ ਹੋ ਕੇ ਹੁੱਲੜਬਾਜ਼ੀ ਕਰ ਰਹੇ ਸਨ ਅਤੇ ਕਾਰਾਂ ਨੂੰ ਮਾਰਕੀਟ ਦੀ ਪਾਰਕਿੰਗ ਵਿੱਚ ਬਹੁਤ ਤੇਜ਼ ਰਫ਼ਤਾਰ ਚਲਾ ਕੇ ਕਲਾਬਾਜੀਆਂ ਦਿਖਾ ਰਹੇ ਸਨ। ਉਸ ਨੇ ਜਿਵੇਂ ਹੀ ਨੌਜਵਾਨਾਂ ਨੂੰ ਰੋਕ ਕੇ ਅਜਿਹਾ ਕਰਨ ਤੋਂ ਬਾਜ਼ ਆਉਣ ਲਈ ਆਖਿਆ ਤਾਂ ਨੌਜਵਾਨਾਂ ਦੀ ਟੋਲੀ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਕੱੁਟਮਾਰ ਕੀਤੀ ਅਤੇ ਉਸ ਦੀ ਨਵੀਂ ਕਾਰ ਦੀ ਭੰਨਤੋੜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਨੌਜਵਾਨਾਂ ਵੱਲੋਂ ਉਸ ਦੀ ਨਵੀਂ ਕਾਰ ਦੀ ਭੰਨਤੋੜ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਉਸ ਦੀ ਪਤਨੀ ਅਤੇ ਛੋਟਾ ਬੱਚਾ ਵਿੱਚ ਕਾਰ ਵਿੱਚ ਹੀ ਸਨ। ਜਿਸ ਕਾਰਨ ਉਸ ਦੀ ਪਤਨੀ ਅਤੇ ਬੱਚਾ ਕਾਫ਼ੀ ਸਹਿਮ ਗਏ। ਬੱਚੇ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਦਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਦੀ ਭੰਨਤੋੜ ਕਰਨ ਤੋਂ ਬਾਅਦ ਵੀ ਨੌਜਵਾਨਾਂ ਵੱਲੋਂ ਮਾਰਕੀਟ ਵਿੱਚ ਕਾਫੀ ਸਮੇ ਤੱਕ ਦਹਿਸ਼ਤ ਫੈਲਾਈ ਜਾਂਦੀ ਰਹੀ। ਇਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਗਿਆ। ਜਿਸ ਦੌਰਾਨ ਇੱਕ ਨੌਜਵਾਨ ਨੇ ਖ਼ੁਦ ਨੂੰ ਕਿਸੇ ਐਸਐਸਪੀ ਦਾ ਬੇਟਾ ਦੱਸਦਿਆਂ ਲੋਕਾਂ ’ਤੇ ਰੋਅਬ ਝਾੜਿਆ। ਜਿਸ ਨੂੰ ਹਿੰਮ ਕਰਕੇ ਲੋਕਾਂ ਨੇ ਕਾਬੂ ਕਰ ਲਿਆ ਜਦੋਂਕਿ ਬਾਕੀ ਨੌਜਵਾਨ ਲਲਕਾਰੇ ਮਾਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿੱਚ ਪੀਸੀਆਰ ਦੇ ਜਵਾਨ ਵੀ ਮੌਕੇ ’ਤੇ ਪਹੁੰਚ ਗਏ ਅਤੇ ਨੌਜਵਾਨ ਨੂੰ ਫੜ ਕੇ ਥਾਣੇ ਲੈ ਗਏ।
ਇਸ ਸਬੰਧੀ ਮਟੌਰ ਥਾਣੇ ਵਿੱਚ ਸ਼ਿਕਾਇਤ ਦੇਣ ਤੋਂ ਬਾਅਦ ਕਾਬੂ ਕੀਤੇ ਨੌਜਵਾਨ ਦਾ ਪੁਲੀਸ ਨੇ ਡਾਕਟਰੀ ਮੁਆਇਨਾ ਕਰਵਾਇਆ ਗਿਆ ਤਾਂ ਉਸ ਦੇ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਹੋ ਗਈ। ਲੋਕਾਂ ਦੇ ਕਾਬੂ ਆਇਆ ਨੌਜਵਾਨ ਗਿੱਦੜਬਾਹਾ ਦਾ ਹੈ ਜਦੋਂਕਿ ਉਸ ਦੇ ਸਾਥੀ ਨੌਜਵਾਨ ਬਠਿੰਡਾ ਦੇ ਦੱਸੇ ਗਏ ਹਨ। ਉਧਰ, ਥਾਣੇ ਵਿੱਚ ਪਹੁੰਚੇ ਨੌਜਵਾਨਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਭਵਿੱਖ ਦਾ ਵਾਸਤਾ ਦਿੱਤਾ। ਜਿਸ ਕਰਕੇ ਮਾਰਕੀਟ ਐਸੋਸੀਏਸ਼ਨ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਤਾੜਨਾ ਕੀਤੀ ਗਈ ਅਤੇ ਉਨ੍ਹਾਂ ਦਾ ਭਵਿੱਖ ਖਰਾਬ ਨਾ ਹੋਵੇ ਇਸ ਲਈ ਸਮਝੌਤਾ ਕਰ ਲਿਆ।
ਮਾਰਕੀਟ ਵੈਲਫੇਅਰ ਐਸੋਸੀੲਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਮੁਹਾਲੀ ਪੁਲੀਸ ਤੋਂ ਮੰਗ ਕੀਤੀ ਹੈ ਕਿ ਮਾਰਕੀਟ ਵਿੱਚ ਆਉਂਦੇ ਹੁਲੱੜਬਾਜਾਂ ਨੂੰ ਕਾਬੂ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਤਿਉਹਾਰਾਂ ਦੇ ਮੱਦੇਨਜ਼ਰ ਮਾਰਕੀਟ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਸ਼ਹਿਰ ਵਾਸੀ ਬਿਨਾਂ ਕਿਸੇ ਡਰ ਭੈਅ ਤੋਂ ਖਰੀਦਦਾਰੀ ਕਰ ਸਕਣ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…