Share on Facebook Share on Twitter Share on Google+ Share on Pinterest Share on Linkedin ਸਿੱਖਿਆ ਵਿਭਾਗ ਦੇ ਨੰਨ੍ਹੇ ਉਸਤਾਦ ਹੁਣ ਸਾਹਿਤ ਲਿਖਣ ਦੇ ਖੇਤਰ ਵਿੱਚ ਵੀ ਛੱਡਣਗੇ ਅਮਿੱਟ ਛਾਪ ਸਰਕਾਰੀ ਸਕੂਲਾਂ ਵਿੱਚ ਸਾਹਿਤ ਦੀ ਚੇਟਕ ਨੂੰ ਅੱਗੇ ਵਧਾਉਣਗੇ ਆਨਲਾਈਨ ਬਾਲ ਰਸਾਲੇ ਪੰਜਾਬ ਦਿਵਸ ਮੌਕੇ ਸਕੂਲਾਂ ਵੱਲੋਂ ਜਾਰੀ ਆਨਲਾਈਨ ‘ਬਾਲ ਮੈਗਜ਼ੀਨ’ ਵਧੀਆ ਉਪਰਾਲਾ: ਕ੍ਰਿਸ਼ਨ ਕੁਮਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ: ਸਿੱਖਿਆ ਵਿਭਾਗ ਪੰਜਾਬੀ ਮਾਂ-ਬੋਲੀ ਰਾਹੀਂ ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ। ਇਸ ਸਬੰਧੀ ਪੰਜਾਬ ਦੇ ਮਾਣਮੱਤੇ ਇਤਿਹਾਸ, ਵਿਰਸੇ, ਪੰਜਾਬੀ ਮਾਂ-ਬੋਲੀ ਦੀ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ‘ਪੰਜਾਬ ਦਿਵਸ’ ਨੂੰ ਸਮਰਪਿਤ ਸਕੂਲਾਂ ਵਿੱਚ ਵਿੱਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵੱਲੋਂ ਐਤਕੀਂ ਇਹ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਅਧੀਨ ਸਾਰੇ ਸਰਕਾਰੀ ਸਕੂਲਾਂ ਵੱਲੋਂ ਪੰਜਾਬੀ ਵਿਰਸੇ ਅਤੇ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਇਸ ਮਹੀਨੇ ਆਨਲਾਈਨ ‘ਬਾਲ ਮੈਗਜ਼ੀਨ’ ਜਾਰੀ ਕੀਤੇ ਜਾ ਰਹੇ ਹਨ। ਇਸ ਨਾਲ ਵਿਦਿਆਰਥੀਆਂ ਅੰਦਰ ਪੰਜਾਬੀ ਸਾਹਿਤ ਪ੍ਰਤੀ ਲਗਨ ਵਧੇਗੀ ਅਤੇ ਉਨ੍ਹਾਂ ਨੂੰ ਆਪਣੀਆਂ ਮੌਲਿਕ ਰਚਨਾਵਾਂ ਜਿਵੇਂ ਕਵਿਤਾਵਾਂ, ਕਹਾਣੀਆਂ, ਲੇਖ, ਸਾਹਿਤਕ ਵੰਨਗੀਆਂ ਪੇਸ਼ ਕਰਨ ਦੇ ਨਾਲ-ਨਾਲ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਦਾ ਵੀ ਮੌਕਾ ਮਿਲੇਗਾ। ਇਸ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੋਵੇਗਾ। ਪੰਜਾਬ ਦਿਵਸ ਦੇ ਮੌਕੇ ਤੇ ਸਮੂਹ ਸਕੂਲ ਮੁਖੀਆਂ, ਅਧਿਆਪਕਾਂ, ਕਰਮਚਾਰੀਆਂ, ਵਿਦਿਆਰਥੀਆਂ ਦੇ ਮਾਪਿਆਂ, ਵਿਦਿਆਰਥੀਆਂ ਅਤੇ ਅਧਿਕਾਰੀਆਂ ਨਾਲ਼ ਮੁਬਾਰਕਾਂ ਸਾਂਝੀਆਂ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅੱਜ ਦਾ ਇਹ ਦਿਨ ਪੰਜਾਬ ਦੇ ਮਾਣਮੱਤੇ ਇਤਿਹਾਸ, ਵਿਰਸੇ, ਮਾਂ ਬੋਲੀ ਪੰਜਾਬੀ ਦੀ ਮਹੱਤਤਾ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਨ ਦਾ ਦਿਨ ਹੈ। ਅਧਿਆਪਕ ਕਰੋਨਾ ਮਹਾਮਾਰੀ ਦੇ ਬਾਵਜੂਦ ਆਪਣੇ ਵਿਦਿਆਰਥੀਆਂ ਨਾਲ ਜੁੜੇ ਰਹੇ ਅਤੇ ਉਨ੍ਹਾਂ ਅੰਦਰ ਸਾਹਿਤਕ ਕਲਾਵਾਂ ਦਾ ਵੀ ਵਿਕਾਸ ਕੀਤਾ ਤੇ ਮਨੋਬਲ ਵਧਾਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਨਵੰਬਰ ਮਹੀਨੇ ਨੂੰ ਪੰਜਾਬੀ ਬੋਲੀ ਨੂੰ ਸਮਰਪਿਤ ਕਰਦੇ ਹੋਏ ‘ਪੰਜਾਬੀ ਮਹੀਨੇ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਿਸ ਤਹਿਤ ਹਰ ਸਕੂਲ ਵੱਲੋਂ ਨਵੰਬਰ ਮਹੀਨੇ ਵਿੱਚ ਹੱਥ ਲਿਖਤ ਮੈਗਜ਼ੀਨ ਜਾਰੀ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਆਪਣੇ-ਆਪਣੇ ਸਕੂਲ ਦਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਆਨਲਾਈਨ ਮੈਗਜ਼ੀਨ ਜਾਰੀ ਕਰ ਰਹੇ ਹਨ। ਇਸ ਨਾਲ ਬੱਚਿਆਂ ਅੰਦਰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ, ਪੰਜਾਬੀ ਸਭਿਆਚਾਰ ਦਾ ਦਿਲੋਂ ਸਤਿਕਾਰ ਕਰ ਰਹੇ ਹਨ। ਉਨ੍ਹਾਂ ਦੀਆਂ ਰਚਨਾਤਮਿਕ ਰੁਚੀਆਂ ਦੇ ਵਿਕਾਸ ਸਦਕਾ ਉਨ੍ਹਾਂ ਅੰਦਰ ਪੰਜਾਬੀ ਸਾਹਿਤ ਪ੍ਰਤੀ ਚੇਟਕ ਵੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਹੀ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵੱਲੋਂ ਆਨਲਾਈਨ ਬਾਲ ਰਸਾਲੇ ਵੀ ਤਿਆਰ ਕਰਕੇ ਜਾਰੀ ਕੀਤੇ ਗਏ। ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਧਿਆਪਕਾਂ ਅਤੇ ਸਕੂਲ ਮੁਖੀਆਂ ਵਲੋਂ ਹੋਰ ਵੀ ਬਿਹਤਰ ਆਨਲਾਈਨ ਬਾਲ ਰਸਾਲੇ ਪੜ੍ਹਨ ਨੂੰ ਮਿਲਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ