ਪਹਿਲਾਂ ਛੋਟੇ ਭਰਾ ਨੂੰ ਮੇਅਰ ਦੇ ਅਹੁਦੇ ਤੋਂ ਲਾਹਿਆ, ਹੁਣ ਵੱਡੇ ਭਰੇ ਵਿਰੁੱਧ ਜਾਂਚ ਆਰੰਭੀ

ਸਾਬਕਾ ਮੰਤਰੀ ਤੇ ਭਾਜਪਾ ਆਗੂ ਬਲਬੀਰ ਸਿੱਧੂ ਖ਼ਿਲਾਫ਼ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ

ਮੁਹਾਲੀ ਤੇ ਰੂਪਨਗਰ ਜ਼ਿਲ੍ਹੇ ਵਿੱਚ ਆਮਦਨ ਤੋਂ ਵੱਧ ਬਹੁ-ਕਰੋੜੀ ਜ਼ਮੀਨਾਂ ਖ਼ਰੀਦਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਪੰਜਾਬ ਦੀ ਆਪ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਤੇ ਉਨ੍ਹਾਂ ਦੇ ਛੋਟੇ ਭਰਾ ਤੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਜਿੱਥੇ ਪਿਛਲੇ ਦਿਨੀਂ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਕਰਕੇ ਆਪਣਾ ਮੇਅਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ, ਉੱਥੇ ਹੁਣ ਬਲਬੀਰ ਸਿੱਧੂ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਧੂ ’ਤੇ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਣ ਸਮੇਂ ਮੁਹਾਲੀ ਅਤੇ ਰੂਪਨਗਰ ਜ਼ਿਲ੍ਹੇ ਵਿੱਚ ਆਮਦਨ ਤੋਂ ਵੱਧ ਬਹੁ-ਕਰੋੜੀ ਜ਼ਮੀਨਾਂ ਖ਼ਰੀਦਣ ਦਾ ਦੋਸ਼ ਹੈ। ਪੰਜਾਬ ਵਿੱਚ ਸਤਾ ਪਰਿਵਰਤਨ ਹੋਣ ਤੋਂ ਬਾਅਦ ਦੋਵੇਂ ਭਰਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। ਉਧਰ, ਬਲਬੀਰ ਸਿੱਧੂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਇਹ ਸਾਰਾ ਕੁੱਝ ਸਿਆਸੀ ਬਦਲਾਖ਼ੋਰੀ ਦਾ ਨਤੀਜਾ ਹੈ।
ਮਿਲੀ ਜਾਣਕਾਰੀ ਅਨੁਸਾਰ ਬਲਬੀਰ ਸਿੱਧੂ ਵੱਲੋਂ ਆਪਣੀ ਪਤਨੀ ਅਤੇ ਬੇਟੇ ਦੇ ਨਾਂ ’ਤੇ ਖਰੀਦੀ ਗਈ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਲਗਜ਼ਰੀ ਲਗਜ਼ਰੀ ਗੱਡੀਆਂ ਵੀ ਜਾਂਚ ਦੇ ਘੇਰੇ ਵਿੱਚ ਆ ਗਈਆਂ ਹਨ। ਸਿੱਧੂ ਦੇ ਛੋਟੇ ਭਰਾ ਤੇ ਸਾਬਕਾ ਮੇਅਰ ਜੀਤੀ ਸਿੱਧੂ ਦੀ ਮੁਹਾਲੀ ਵਿੱਚ ਰੀਅਲ ਅਸਟੇਟ ਲੈਂਡ ਚੈਸਟਰ ਕੰਪਨੀ ਵੱਲੋਂ ਖਰੀਦੀ ਗਈ 70 ਏਕੜ ਦੀ ਜਾਇਦਾਦ ਅਤੇ ਸਿੱਧੂ ਪਰਿਵਾਰ ’ਤੇ ਲੱਗੇ ਜ਼ਮੀਨਾਂ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਦੀ ਵੀ ਜਾਂਚ ਕੀਤੀ ਜਾਵੇਗੀ।
ਉਂਜ ਸਤਾ ਪਰਿਵਰਤਨ ਤੋਂ ਬਾਅਦ ਹੀ ਸਿੱਧੂ ਪਰਿਵਾਰ ਸੂਬਾ ਸਰਕਾਰ ਦੇ ਨਿਸ਼ਾਨੇ ’ਤੇ ਆ ਗਿਆ ਸੀ। ਕੁੱਝ ਸਮਾਂ ਪਹਿਲਾਂ ਹੀ ਸਰਕਾਰ ਨੇ ਪਿੰਡ ਬਲੌਂਗੀ ਸਥਿਤ ਬਾਲ ਗੋਪਾਲ ਗਊਸ਼ਾਲਾ ਦੀ ਜ਼ਮੀਨ ਨੂੰ ਲੈ ਕੇ ਸਿੱਧੂ ਪਰਿਵਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲੀਸ ਫੋਰਸ ਦੀ ਮਦਦ ਨਾਲ ਗਊਸ਼ਾਲਾ ਵਾਲੀ ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸਿੱਧੂ ਅਤੇ ਸਮਰਥਕਾਂ ਅੱਗੇ ਪੁਲੀਸ ਬੇਬਸ ਨਜ਼ਰ ਆਈ। ਬਾਅਦ ਵਿੱਚ ਉੱਚ ਅਦਾਲਤ ਨੇ ਗਊਸ਼ਾਲਾ ਦੇ ਹੱਕ ਵਿੱਚ ਫ਼ੈਸਲਾ ਦਿੰਦੇ ਹੋਏ ਅਗਲੇ ਹੁਕਮਾਂ ਤੱਕ ਸਟੇਅ ਆਰਡਰ ਜਾਰੀ ਕੀਤੇ ਗਏ। ਜਿਸ ਕਾਰਨ ਹੁਕਮਰਾਨ ਚਾਹੁੰਦੇ ਹੋਏ ਵੀ ਕੋਈ ਕਾਰਵਾਈ ਨਹੀਂ ਕਰ ਸਕੇ। ਲੋਕਾਂ ਦੇ ਵਿਰੋਧ ਦੇ ਬਾਵਜੂਦ ਜੀਤੀ ਸਿੱਧੂ ਦੀ ਕੰਪਨੀ ਖ਼ਿਲਾਫ਼ ਵੀ ਕਾਰਵਾਈ ਅੱਗੇ ਨਹੀਂ ਤੁਰੀ। ਹੁਣ ਤੱਕ ਆਪ ਲੀਡਰਸ਼ਿਪ ਨੇ ਲੋਕਾਂ ਦੇ ਤਾਹਨਿਆਂ ਤੋਂ ਤੰਗ ਆ ਕੇ ਪਹਿਲਾਂ ਜੀਤੀ ਸਿੱਧੂ ਨੂੰ ਮੇਅਰ ਦੀ ਕੁਰਸੀ ਤੋਂ ਲਾਂਭੇ ਕਰਨ ਲਈ ਉਨ੍ਹਾਂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕੀਤੀ ਗਈ ਅਤੇ ਹੁਣ ਬਲਬੀਰ ਸਿੱਧੂ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਸ਼ੁਰੂ ਕਰਕੇ ਸਿੱਧੂ ਪਰਿਵਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਜੀਤੀ ਸਿੱਧੂ ਭਲਕੇ 3 ਜਨਵਰੀ ਨੂੰ ਅਮਰੀਕ ਤੋਂ ਵਾਪਸ ਆ ਰਹੇ ਹਨ। ਹਾਲਾਂਕਿ ਉਹ 9 ਜਨਵਰੀ ਤੱਕ ਵਿਦੇਸ਼ ਦੌਰੇ ’ਤੇ ਸਨ ਪ੍ਰੰਤੂ ਸਰਕਾਰ ਦੇ ਤਾਜ਼ਾ ਫ਼ੈਸਲੇ ਕਾਰਨ ਉਨ੍ਹਾਂ ਨੂੰ ਹਫ਼ਤਾ ਪਹਿਲਾਂ ਹੀ ਵਾਪਸ ਆਉਣਾ ਪੈ ਰਿਹਾ ਹੈ।
ਸਾਬਕਾ ਸਿਹਤ ਮੰਤਰੀ ਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਉਪਰੋਕਤ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਇਹ ਸਾਰਾ ਕੁੱਝ ਸਿਆਸੀ ਬਦਲਾਖ਼ੋਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੀ ਆਪ ਸਰਕਾਰ ਬਣੀ ਹੈ, ਪਹਿਲੇ ਦਿਨ ਤੋਂ ਹੁਕਮਰਾਨ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਹੱਥ ਧੋ ਕੇ ਪਿੱਛੇ ਪੈ ਗਏ ਹਨ। ਪਹਿਲਾਂ ਉਸ ਦੇ ਛੋਟੇ ਭਰਾ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕਰਕੇ ਮੇਅਰ ਦੇ ਅਹੁਦੇ ਤੋਂ ਹਟਾਇਆ ਗਿਆ, ਹੁਣ ਉਨ੍ਹਾਂ ਖ਼ਿਲਾਫ਼ ਜਾਂਚ ਖੋਲ੍ਹਣ ਬਾਰੇ ਪਤਾ ਚਲ ਰਿਹਾ ਹੈ। ਉਂਜ ਉਨ੍ਹਾਂ ਦੱਸਿਆ ਕਿ ਫਿਲਹਾਲ ਅਜੇ ਤਾਈਂ ਵਿਜੀਲੈਂਸ ਜਾਂਚ ਸਬੰਧੀ ਉਨ੍ਹਾਂ ਨੂੰ ਕੋਈ ਪੱਤਰ ਨਹੀਂ ਮਿਲਿਆ ਹੈ ਅਤੇ ਨਾ ਹੀ ਸੰਮਨ ਆਦਿ ਤਾਲਿਮ ਹੋਏ ਹਨ। ਉਨ੍ਹਾਂ ਨੂੰ ਵੀ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਜਾ ਰਹੀਆਂ ਪੋਸਟਾਂ ਤੋਂ ਜਾਣਕਾਰੀ ਮਿਲੀ ਹੈ। ਸਿੱਧੂ ਨੇ ਕਿਹਾ ਕਿ ਜਦੋਂ ਵੀ ਵਿਜੀਲੈਂਸ ਜਾਂਚ ਲਈ ਸੱਦੇਗੀ ਤਾਂ ਉਹ ਤੱਥਾਂ ਦੇ ਆਧਾਰ ’ਤੇ ਆਪਣਾ ਮਜ਼ਬੂਤ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਆਮਦਨ ਅਤੇ ਜਾਇਦਾਦ ਬਾਰੇ ਸਾਰੇ ਸਬੂਤ ਦੇਣ ਲਈ ਤਿਆਰ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਖ਼ਿਲਾਫ਼ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਕੁੱਝ ਵੀ ਸਾਬਤ ਨਹੀਂ ਹੋਇਆ ਅਤੇ ਹੁਣ ਵੀ ਕੁੱਝ ਹੋਣ ਵਾਲਾ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …