ਯੂਥ ਅਕਾਲੀ ਦਲ ਨੇ ਮੁਹਾਲੀ ਵਿੱਚ ਦਸਤਾਰਾਂ ਦਾ ਲੰਗਰ ਲਾਇਆ, ਭੂੰਦੜ ਨੇ ਕੀਤਾ ਉਦਘਾਟਨ

ਪੰਜਾਬ ਨਾਲ ਹੋ ਰਹੇ ਧੱਕੇ ਖ਼ਿਲਾਫ਼ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਮੰਚ ’ਤੇ ਆਉਣ ਦਾ ਸੱਦਾ

ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ:
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਖੁਸ਼ਇੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਮੇਰੀ ਦਸਤਾਰ-ਮੇਰੀ ਸ਼ਾਨ’ ਮੁਹਿੰਮ ਤਹਿਤ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ। ਉਨ੍ਹਾਂ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਨੌਜਵਾਨ ਵਿੰਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਬੋਲਦਿਆਂ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਅੱਜ ਵਿਸ਼ਵ ਸ਼ਾਂਤੀ ਦੀ ਬੇਹੱਦ ਲੋੜ ਹੈ, ਕਿਉਂਕਿ ਦੇਸ਼-ਵਿਦੇਸ਼ ਵਿੱਚ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਾਰੂ ਜੰਗਾਂ ਤੋਂ ਗੁਰੂ ਨਾਨਕ ਦੇਵ ਦਾ ਸੰਦੇਸ਼ ਹੀ ਬਚਾ ਸਕਦਾ ਹੈ। ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ 10 ਏਕੜ ਜ਼ਮੀਨ ਦੇਣ ਦੇ ਮੁੱਦੇ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਦਾ ਸਖ਼ਤ ਵਿਰੋਧ ਕਰਦਾ ਹੈ। ਉਨ੍ਹਾਂ ਨੇ ਪੰਜਾਬ ਨਾਲ ਹੋ ਰਹੇ ਧੱਕੇ ਖ਼ਿਲਾਫ਼ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇੱਕ ਪਲੇਟਫ਼ਾਰਮ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ।
ਸ੍ਰੀ ਭੁੰਦੜ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ, ਦਰਿਆਵਾਂ ਦੇ ਪਾਣੀ ਉੱਤੇ ਅਧਿਕਾਰ ਦੀ ਮੰਗ, ਫੌਜਾਂ ਦੀ ਭਰਤੀ ਵਿੱਚ ਮੈਰਿਟ ਦਾ ਹੱਕ, ਪਾਕਿਸਤਾਨ ਨਾਲ ਵਪਾਰ ਦਾ ਲਾਂਘਾ ਖੋਲ੍ਹਣ ਅਤੇ ਸੂਬੇ ਦੀ ਤਰੱਕੀ ਮੰਗੀ ਗਈ ਹੈ ਪਰ ਸਾਨੂੰ ਖਾਲਿਸਤਾਨੀ ਕਹਿ ਕੇ ਕੁੱਟਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਦੋਂ ਸਾਡਾ ਸਾਥ ਦਿੱਤਾ ਜਾਂਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਅਤੇ ਧਰਨੇ ਲਗਾਉਣ ਲਈ ਮਜਬੂਰ ਨਾ ਹੋਣਾ ਪੈਂਦਾ। ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਨੂੰ ਸਾਜ਼ਿਸ਼ ਤਹਿਤ ਉਜਾੜਿਆ ਜਾ ਰਿਹਾ ਹੈ ਅਤੇ ਜੇਕਰ ਸਾਰੇ ਇਕੱਠੇ ਨਾ ਹੋਏ ਤਾਂ ਪੰਜਾਬ ਬੁਰੀ ਤਰ੍ਹਾਂ ਉੱਜੜ ਜਾਵੇਗਾ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਬਲਵਿੰਦਰ ਭੁੰਦੜ ਦਾ ਮੁਹਾਲੀ ਕੈਂਪ ਵਿੱਚ ਪਹੁੰਚ ’ਤੇ ਸਵਾਗਤ ਕਰਦਿਆਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਵਿੱਚ ਵੱਖ-ਵੱਖ ਥਾਵਾਂ ਉੱਤੇ ਦਸਤਾਰਾਂ ਦਾ ਲੰਗਰ ਅਤੇ ਦਸਤਾਰਬੰਦੀ ਮੁਕਾਬਲੇ ਕਰਵਾਏ ਜਾਣਗੇ। ਕੈਂਪ ਪ੍ਰਬੰਧਕ ਖੁਸ਼ਇੰਦਰ ਸਿੰਘ ਸੋਹਾਣਾ ਨੇ ਬਲਵਿੰਦਰ ਸਿੰਘ ਭੂੰਦੜ, ਹਲਕਾ ਇੰਚਾਰਜ ਪਰਵਿੰਦਰ ਸਿੰਘ ਅਤੇ ਸਮੂਹ ਅਕਾਲੀ ਆਗੂਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਕਮਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਜਸਵੰਤ ਸਿੰਘ ਭੁੱਲਰ, ਜਸਬੀਰ ਸਿੰਘ ਜੱਸਾ, ਸੁਖਵਿੰਦਰ ਸਿੰਘ ਛਿੰਦੀ, ਸ਼ਮਸ਼ੇਰ ਸਿੰਘ ਪੁਰਖਾਲਵੀ, ਤਰਸੇਮ ਸਿੰਘ ਗੰਧੋਂ, ਅਵਤਾਰ ਸਿੰਘ ਦਾਊਂ, ਮਨਮੋਹਨ ਕੌਰ, ਜਸਬੀਰ ਕੌਰ ਜੱਸੀ, ਨੰਬਰਦਾਰ ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਮੋਟੇਮਾਜਰਾ, ਸਿਮਰਨ ਢਿੱਲੋਂ ਅਤੇ ਜਰਨੈਲ ਸਿੰਘ ਬਲੌਂਗੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …