ਯੂਥ ਅਕਾਲੀ ਦਲ ਨੇ ਲਗਾਏ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਕਥਿਤ ਗੁੰਮਸ਼ੁਦਗੀ ਦੇ ਪੋਸਟਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਯੂਥ ਅਕਾਲੀ ਦਲ ਵੱਲੋਂ ਮੁਹਾਲੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਕਥਿਤ ਲਾਪਤਾ ਹੋਣ ਬਾਰੇ ਜਨਤਕ ਥਾਵਾਂ ’ਤੇ ਪੋਸਟਰ ਲਗਾਏ ਗਏ ਹਨ। ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਕੈਪਟਨ ਰਮਨਦੀਪ ਸਿੰਘ ਬਾਵਾ ਅਤੇ ਗੁਰਪ੍ਰਤਾਪ ਸਿੰਘ ਬੜੀ ਨੇ ਅੱਜ ਇੱਥੋਂ ਦੇ ਫੇਜ਼-3\5, ਫੇਜ਼-7 ਲਾਲ ਬੱਤੀ ਪੁਆਇੰਟ ਸਮੇਤ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ, ਬੱਸ ਅੱਡਾ, ਬੱਸ ਕਿਊ ਸ਼ੈਲਟਰ, ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ’ਤੇ ਮਨੀਸ਼ ਤਿਵਾੜੀ ਦੇ ਕਥਿਤ ਤੌਰ ’ਤੇ ਲਾਪਤਾ ਹੋਣ ਬਾਰੇ ਪੋਸਟਰ ਲਗਾ ਕੇ ਕਾਂਗਰਸ ਸਰਕਾਰ ਨੂੰ ਰੱਜ ਕੇ ਕੋਸਿਆ। ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਫ਼ੀ ਸਮੇਂ ਤੋਂ ਇਲਾਕੇ ਵਿੱਚ ਸ੍ਰੀ ਤਿਵਾੜੀ ਦੀ ਕੋਈ ਗਤੀਵਿਧੀ ਨਹੀਂ ਦੇਖੀ ਹੈ।
ਯੂਥ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੇ ਮਨੀਸ਼ ਤਿਵਾੜੀ ਨੂੰ ਕਰੋਨਾ ਸੰਕਟ ਦੇ ਸਮੇਂ ਇਲਾਕੇ ਵਿੱਚ ਲੋੜਵੰਦਾਂ ਦੀ ਮਦਦ ਕਰਦੇ ਦੇਖਿਆ ਹੋਵੇ ਤਾਂ ਉਹ ਵੀਡੀਓ ਕਲਿੱਪ ਦਿਖਾ ਕੇ 10 ਹਜ਼ਾਰ ਰੁਪਏ ਇਨਾਮ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਸ੍ਰੀ ਤਿਵਾੜੀ ਨੇ ਇਲਾਕੇ ਦੇ ਵਿਕਾਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਕਾਂਗਰਸੀ ਆਗੂ ਆਪਣੀ ਸਰਕਾਰ ਦੀਆਂ ਕਮਜ਼ੋਰੀਆਂ ਅਤੇ ਨਾਕਾਮੀਆਂ ਛੁਪਾਉਣ ਲਈ ਸਾਰਾ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਖ਼ਿਲਾਫ਼ ਕੂੜ ਪ੍ਰਚਾਰ ਕਰਦੇ ਰਹਿੰਦੇ ਹਨ। ਇਸ ਤੋਂ ਬਿਨਾਂ ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨਾ ਨਹੀਂ ਆਉਂਦਾ ਹੈ। ਇਸ ਮੌਕੇ ਲੱਕੀ, ਰਾਜੂ, ਪ੍ਰੀਤਮ ਅਤੇ ਪ੍ਰਿੰਸ ਬਿੱਲਾ ਸਮੇਤ ਹੋਰ ਨੌਜਵਾਨ ਹਾਜ਼ਰ ਸਨ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…