
ਯੂਥ ਅਕਾਲੀ ਆਗੂ ਗੁਰਵਿੰਦਰ ਡੂਮਛੇੜੀ ਵੱਲੋਂ ਆਪ ਉਮੀਦਵਾਰ ਕੰਵਰ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ
ਭੁਪਿੰਦਰ ਸਿੰਗਾਰੀਵਾਲ/ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ/ਕੁਰਾਲੀ, 15 ਜਨਵਰੀ:
ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਘੂਰਕੀ ਦੇ ਬਾਵਜੂਦ ਯੂਥ ਅਕਾਲੀ ਦਲ (ਬਾਦਲ) ਕੌਮੀ ਵਰਕਿੰਗ ਕਮੇਟੀ ਦੇ ਮੈਂਬਰ ਗੁਰਵਿੰਦਰ ਸਿੰਘ ਡੂਮਛੇੜੀ ਨੇ ਅੱਜ ਆਪਣੀ ਚੁੱਪੀ ਤੋੜਦਿਆਂ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੰਵਰ ਸਿੰਘ ਸੰਧੂ ਦੇ ਹੱਕ ਵਿੱਚ ਪ੍ਰਚਾਰ ਮੁਹਿੰਮ ਸ਼ੁਰੂ ਕਰਦਿਆਂ ਇਸ ਸਬੰਧੀ ਆਪਣੇ ਸਮਰਥਕਾ ਨਾਲ ਮੀਟਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੁਖਬੀਰ ਬਾਦਲ ਨੇ ਪਾਰਟੀ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਿੱਲ ਨੂੰ ਦਿੱਤੀ ਟਿਕਟ ਨੂੰ ਜਾਇਜ਼ ਠਹਿਰਾਉਂਦਿਆਂ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਘੂਰਕੀ ਦਿੱਤੀ ਸੀ ਕਿ ਉਮੀਦਵਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਹੀ ਨਹੀਂ ਪੁਰਾਣੇ ਟਕਸਾਲੀ ਅਕਾਲੀ ਆਗੂਆਂ ਦੀ ਖੁੰਢੇ ਹਥਿਆਰਾਂ ਨਾਲ ਤੁਲਨਾ ਕਰਦਿਆਂ
ਇਸ ਸਬੰਧੀ ਸ੍ਰੀ ਡੂਮਛੇੜੀ ਨੇ ਆਪਣੇ ਸਮਰਥਕਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਆਪ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਅਤੇ ਵੋਟਾਂ ਦਾ ਇਸਤੇਮਾਲ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਅਕਾਲੀ ਪਾਰਟੀ ਨੇ ਉਨ੍ਹਾਂ ਦੇ ਪਰਿਵਾਰ ਦੇ ਵੱਡੇ ਯੋਗਦਾਨ ਦੇ ਬਾਵਜੂਦ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਹੈ, ਪਰ ਉਨ੍ਹਾਂ ਆਪਣੇ ਪਿਤਾ ਦੀ ਪਾਰਟੀ ਲਈ ਪ੍ਰਾਣਾਂ ਦੀ ਅਹੂਤੀ ਦੇਣ ਕਾਰਨ ਅਕਾਲੀ ਦਲ ਨੂੰ ਨਾ ਛੱਡਦਿਆਂ ਹਲਕੇ ਦੇ ਇੱਕ ਵਧੀਆ ਉਮੀਦਵਾਰ ਦੀ ਹਮਾਇਤ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਟੀਮ ਸਮੇਤ ਆਪ ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰਨਗੇ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਹਰਿੰਦਰ ਸਿੰਘ ਕੁਬਾਹੇੜੀ, ਅੱਛਰ ਸਿੰਘ ਕੰਸਾਲਾ, ਗੁਰਵਿੰਦਰ ਸਿੰਘ ਮੰਧੋਂ, ਸਤਨਾਮ ਸਿੰਘ ਟਾਂਡਾ, ਤੇਜਪ੍ਰੀਤ ਸਿੰਘ ਭੜੌਜੀਆਂ, ਸੁਦਾਗਰ ਸਿੰਘ ਮਹਿਰੋਲੀ, ਸਵਰਨ ਸਿੰਘ ਰਾਣੀਮਾਜਰਾ, ਡਾ: ਗੁਰਮੁੱਖ ਸਿੰਘ ਨਗਲੀਆਂ ਸਮਰਥਕ ਹਾਜ਼ਰ ਸਨ।