
ਅਕਾਲੀ ਦਲ ਨੂੰ ਝਟਕਾ: ਯੂਥ ਅਕਾਲੀ ਆਗੂ ਜਸਪਿੰਦਰ ਲਾਲੀ ਕਾਂਗਰਸ ਵਿੱਚ ਸ਼ਾਮਲ
ਮੁੱਖ ਮੰਤਰੀ ਚੰਨੀ ਨੇ ਲਾਲੀ ਨੂੰ ਬਣਾਇਆ ਆਪਣਾ ਓਐੱਸਡੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਪਿੰਦਰ ਸਿੰਘ ਲਾਲੀ ਨੇ ਅੱਜ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਨੌਜਵਾਨ ਆਗੂ ਨੂੰ ਸਿਰੋਪਾਓ ਦੇ ਕੇ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਸ਼ਾਨਦਾਰ ਸਵਾਗਤ ਕੀਤਾ। ਜਸਪਿੰਦਰ ਸਿੰਘ ਲਾਲੀ 1996 ਵਿੱਚ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ ਸੀ। ਉਨ੍ਹਾਂ ਨੂੰ ਪਾਰਟੀ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਸਾਲ 2000 ਵਿੱਚ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਮੇਤ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅਤਿ ਨੇੜੇ ਸਮਝੇ ਜਾਂਦੇ ਸੀ ਅਤੇ ਮੁਹਾਲੀ ਜ਼ਿਲ੍ਹੇ ਸਮੇਤ ਹੋਰਨਾਂ ਨੇੜਲੇ ਇਲਾਕਿਆਂ ਵਿੱਚ ਚੰਗੀ ਪਕੜ ਹੈ।
ਇਸ ਮੌਕੇ ਜਸਪਿੰਦਰ ਸਿੰਘ ਲਾਲੀ ਨੇ ਕਿਹਾ ਕਿ ਉਹ ਅੱਜ ਲੋਕਤੰਤਰ ’ਚੋਂ ਉੱਠੇ ਹੋਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਸਪਿੰਦਰ ਸਿੰਘ ਲਾਲੀ ਵਰਗੇ ਜੁਝਾਰੂ ਆਗੂ ਦੇ ਕਾਂਗਰਸ ਵਿੱਚ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਪਾਰਟੀਆਂ ਤੋਂ ਕਈ ਵੱਡੇ ਚਿਹਰੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਜਸਪਿੰਦਰ ਲਾਲੀ ਨੂੰ ਆਪਣਾ ਓਐੱਸਡੀ ਐਲਾਨਿਆ ਗਿਆ।