Share on Facebook Share on Twitter Share on Google+ Share on Pinterest Share on Linkedin ਸਿਹਤ ਮੰਤਰੀ ਵੱਲੋਂ ਖੋਲ੍ਹੇ ਗਏ ਨਿੱਜੀ ਲੋਕ ਭਲਾਈ ਕੇਂਦਰ ਬਾਰੇ ਯੂਥ ਅਕਾਲੀ ਆਗੂ ਨੇ ਸਪੱਸ਼ਟੀਕਰਨ ਮੰਗਿਆ ਸਿੱਧੂ ਦੱਸਣ ਕੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਇਕ ਛੱਤ ਥੱਲੇ ਚਲਦੇ ਸਰਕਾਰੀ ਦਫ਼ਤਰਾਂ ’ਚ ਨਹੀਂ ਹੋ ਰਹੇ ਲੋਕਾਂ ਦੇ ਕੰਮ: ਬੈਦਵਾਨ ਅੰਗਹੀਣ ਤੇ ਬਜ਼ੁਰਗਾਂ ਦੀ ਸਹੂਲਤਾਂ ਲਈ ਖੋਲ੍ਹਿਆ ਗਿਆ ਹੈ ‘ਲੋਕ ਭਲਾਈ ਕੇਂਦਰ’: ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ: ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਅਤੇ ਕੌਂਸਲਰ ਸੁਰਿੰਦਰ ਸਿੰਘ ਰੋਡ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਇੱਥੋਂ ਦੇ ਸਨਅਤੀ ਖੇਤਰ ਫੇਜ਼-1 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਬਰਾਬਰ ਆਪਣਾ ਨਿੱਜੀ ਲੋਕ ਭਲਾਈ ਕੇਂਦਰ ਖੋਲ੍ਹਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੰਤਰੀ ਨੂੰ ਸੁਆਲ ਕੀਤਾ ਹੈ ਕਿ ਇਸ ਵਿੱਚ ਸਰਕਾਰੀ ਮੁਲਾਜ਼ਮ ਬੈਠਣਗੇ ਜਾਂ ਕਾਂਗਰਸੀ ਸਮਰਥਕ ਬੈਠ ਕੇ ਲੋਕਾਂ ਦੇ ਫਾਰਮ ਭਰਿਆ ਕਰਨਗੇ। ਇੱਥੇ ਸਿੱਧੂ ਪਰਿਵਾਰ ਦੀ ਗੈਸ ਏਜੰਸੀ ਦਾ ਦਫ਼ਤਰ ਹੈ। ਇਸ ਤੋਂ ਪਹਿਲਾਂ ਇਸ ਇਮਾਰਤ ਜ਼ਿਲ੍ਹਾ ਕਾਂਗਰਸ ਦਾ ਦਫ਼ਤਰ ਚੱਲਦਾ ਸੀ ਪ੍ਰੰਤੂ ਹੁਣ ਡੇਰਾਬੱਸੀ ਦੇ ਆਗੂ ਦੀਪਇੰਦਰ ਸਿੰਘ ਢਿੱਲੋਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਇਸ ਇਮਾਰਤ ਵਿੱਚ ਕਾਂਗਰਸੀ ਵਰਕਰਾਂ ਦੀਆਂ ਸਰਗਰਮੀਆਂ ਘੱਟ ਗਈਆਂ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਪਰਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਸਥਿਤ ਜ਼ਿਲ੍ਹਾ ਭਲਾਈ ਦਫ਼ਤਰ ਜਾਂ ਸਬੰਧਤ ਹੋਰ ਦਫ਼ਤਰਾਂ ਜੋ ਇਸੇ ਕੰਪਲੈਕਸ ਵਿੱਚ ਮੌਜੂਦ ਹਨ, ਵਿੱਚ ਪਹਿਲਾਂ ਹੀ ਲੋਕਾਂ ਨੂੰ ਇਕ ਛੱਤ ਥੱਲੇ ਇਹ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਪ੍ਰੰਤੂ ਮੰਤਰੀ ਨੇ ਸਿਆਸੀ ਲਾਹਾ ਲੈਣ ਆਪਣੀ ਨਿੱਜੀ ਇਮਾਰਤ ਵਿੱਚ ਉਕਤ ਦਫ਼ਤਰ ਖੋਲ੍ਹਣ ਦੀ ਕੋਈ ਤੁੱਕ ਨਹੀਂ ਬਣਦੀ। ਜਾਂ ਮੰਤਰੀ ਇਹ ਸਪੱਸ਼ਟ ਕਰਨ ਕਿ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਭਲਾਈ ਕੇਂਦਰ ਆਮ ਲੋਕਾਂ ਲਈ ਨਹੀਂ ਬਲਕਿ ਕਾਂਗਰਸੀ ਵਰਕਰਾਂ ਲਈ ਖੋਲ੍ਹਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਸਿੱਧੂ ਨੇ ਇਲਾਕੇ ਦੇ ਲੋਕਾਂ ਨੂੰ ਕਾਂਗਰਸ ਦੇ ਝੰਡੇ ਹੇਠ ਇਕੱਠੇ ਕਰਨ ਲਈ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਕਾਂਗਰਸ ਭਲਾਈ ਕੇਂਦਰ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦਫ਼ਤਰ ਖੁੱਲ੍ਹਣ ਨਾਲ ਲੋਕਾਂ ਦੀ ਖੱਜਲ ਖੁਆਰੀ ਘੱਟਣ ਦੀ ਥਾਂ ਹੋਰ ਵਧੇਗੀ ਕਿਉਂਕਿ ਇੱਥੇ ਭਾਰਮ ਭਰੇ ਜਾਣ ਤੋਂ ਬਾਅਦ ਕਈ ਕਈ ਦਿਨਾਂ ਦੇ ਇਕੱਠੇ ਕਰਕੇ ਵੱਖ ਵੱਖ ਦਫ਼ਤਰਾਂ ਵਿੱਚ ਭੇਜਿਆ ਜਾਇਆ ਕਰਨਗੇ ਜਦੋਂਕਿ ਲੋਕ ਖ਼ੁਦ ਸਿੱਧੇ ਤੌਰ ’ਤੇ ਸਰਕਾਰੀ ਦਫ਼ਤਰ ਵਿੱਚ ਆਪਣੇ ਫਾਰਮ ਭਰ ਜਾਂ ਜਮ੍ਹਾ ਕਰਵਾ ਸਕਦੇ ਹਨ। ਅਕਾਲੀ ਆਗੂ ਨੇ ਮੁੱਖ ਮੰਤਰੀ ਅਤੇ ਸਮਾਜ ਭਲਾਈ ਵਿਭਾਗ ਦੇ ਮੰਤਰੀ ਤੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਬਰਾਬਰ ਖੋਲ੍ਹੇ ਇਸ ਦਫ਼ਤਰ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। (ਬਾਕਸ ਆਈਟਮ) ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਆਗੂਆਂ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਇਲਾਕੇ ਦੇ ਅੰਗਹੀਣ ਅਤੇ ਬਜ਼ੁਰਗਾਂ ਦੀ ਸਹੂਲਤ ਲਈ ਲੋਕ ਭਲਾਈ ਕੇਂਦਰ ਖੋਲ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਅੰਗਹੀਣ ਅਤੇ ਬਜ਼ੁਰਗ ਅਜਿਹੇ ਹਨ, ਜਿਨ੍ਹਾਂ ਨੂੰ ਵੱਖ ਵੱਖ ਦਫ਼ਤਰਾਂ ਵਿੱਚ ਜਾਣਾ ਪੈਂਦਾ ਹੈ ਪ੍ਰੰਤੂ ਹੁਣ ਉਕਤ ਦਫ਼ਤਰ ਵਿੱਚ ਕਾਂਗਰਸੀ ਵਰਕਰ ਬੈਠ ਕੇ ਖ਼ੁਦ ਲੋਕਾਂ ਦੇ ਫਾਰਮ ਭਰਨਗੇ ਅਤੇ ਖ਼ੁਦ ਹੀ ਸਬੰਧਤ ਦਫ਼ਤਰਾਂ ਵਿੱਚ ਜਮ੍ਹਾ ਕਰਵਾਏ ਜਾਣਗੇ। ਇੱਥੇ ਸਿਰਫ਼ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਦੇ ਹੀ ਫਾਰਮ ਨਹੀਂ ਜਾਣਗੇ ਸਗੋਂ ਬਿਜਲੀ-ਪਾਣੀ, ਨੀਲੇ ਕਾਰਡ ਸਮੇਤ ਹੋਰ ਲੋਕ ਭਲਾਈ ਸਹੂਲਤਾਂ ਦੇ ਲਾਭਪਾਤਰੀਆਂ ਦੇ ਫਾਰਮ ਭਰੇ ਜਾਣਗੇ। ਉਨ੍ਹਾਂ ਦੱਸਿਆ ਕਿ ਕੰਮ ਹੋਣ ਤੱਕ ਸਬੰਧਤ ਕੇਸਾਂ ਦੀ ਪੈਰਵੀ ਕੀਤੀ ਜਾਵੇਗੀ ਅਤੇ ਕੰਮ ਹੋਣ ਤੋਂ ਬਾਅਦ ਸਬੰਧਤ ਵਿਅਕਤੀਆਂ ਨੂੰ ਟੈਲੀਫੋਨ ’ਤੇ ਇਤਲਾਹ ਦਿੱਤੀ ਜਾਵੇਗੀ। ਸ੍ਰੀ ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਲੋਕ ਹਿੱਤ ਵਿੱਚ ਡੱਕਾ ਨਹੀਂ ਤੋੜਿਆ। ਹੁਣ ਜਦੋਂ ਉਹ ਸੇਵਾ ਭਾਵਨਾ ਨਾਲ ਲੋਕਾਂ ਦੇ ਕੰਮ ਕਰਨਾ ਚਾਹੁੰਦੇ ਹਨ ਅਤੇ ਲੋਕ ਆਪ ਮੁਹਾਰੇ ਕਾਂਗਰਸ ਨਾਲ ਜੁੜ ਰਹੇ ਹਨ ਤਾਂ ਅਕਾਲੀਆਂ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ