
ਨਵਾਂ ਗਰਾਓਂ ਪੁਲੀਸ ਵੱਲੋਂ ਨੌਜਵਾਨ 1 ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਨਵਾਂ ਗਰਾਓਂ ਪੁਲੀਸ ਨੇ ਇਕ ਨੌਜਵਾਨ ਨੂੰ ਇਕ ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਮੁਲਜ਼ਮ ਨੌਜਵਾਨ ਸੁਦਾਮ (19) ਵਾਸੀ ਪਿੰਡ ਆਵਲਾ (ਯੂਪੀ) ਦੇ ਖ਼ਿਲਾਫ਼ ਨਵਾਂ ਗਰਾਓਂ ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏਐਸਆਈ ਜਸਵੀਰ ਸਿੰਘ ਅਤੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਨਵਾਂ ਗਾਉਂ ਪੁਲੀਸ ਵੱਲੋਂ ਪਿੰਡ ਨਾਢਾ ਪੁਲ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਚੰਡੀਗੜ੍ਹ ਵਾਲੇ ਪਾਸਿਓਂ ਆ ਰਹੇ ਸੁਦਾਮ ਨਾਂ ਦੇ ਨੌਜਵਾਨ ਨੂੰ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਤਾਂ ਉਸ ਦੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਮੋਮੀ ਕਾਗਜ ਦੇ ਲਿਫ਼ਾਫ਼ੇ ’ਚੋਂ ਇੱਕ ਕਿੱਲੋਗਰਾਮ ਅਫ਼ੀਮ ਬਰਾਮਦ ਕੀਤੀ ਗਈ।
ਏਐਸਆਈ ਸੁਰਜੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹ ਕਿੱਥੋਂ ਅਫ਼ੀਮ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਕਿੱਥੇ ਵੇਚਣੀ ਸੀ। ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਨਸ਼ੀਲੇ ਪਦਾਰਥ ਪੱਕੇ ਗਾਹਕਾਂ ਨੂੰ ਸਪਲਾਈ ਕਰਦਾ ਹੈ ਜਾਂ ਘੁੰਮ ਫਿਰ ਕੇ ਵੇਚਣਾ ਹੈ ਅਤੇ ਉਸ ਨਾਲ ਹੋਰ ਕੌਣ ਕੌਣ ਸ਼ਾਮਲ ਹਨ।