nabaz-e-punjab.com

ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਤਨੀ ਤੇ ਸੱਸ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਮਨੌਲੀ ਦੇ ਵਸਨੀਕ ਹਰਦੀਪ ਸਿੰਘ (26) ਵੱਲੋਂ ਆਪਣੀ ਪਤਨੀ ਅਤੇ ਸੱਸ ਦੀਆਂ ਕਥਿਤ ਵਧੀਕੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਹਾਣਾ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਮ੍ਰਿਤਕ ਦੀ ਪਤਨੀ ਗੁਰਵਿੰਦਰ ਕੌਰ ਅਤੇ ਸੱਸ ਕਰਮਜੀਤ ਕੌਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਏਐਸਆਈ ਸੰਜੇ ਕੁਮਾਰ ਕਰ ਰਹੇ ਹਨ।
ਬਲਵਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੇ ਬੇਟੇ ਹਰਦੀਪ ਸਿੰਘ ਦਾ ਵਿਆਹ 3 ਜੂਨ 2017 ਨੂੰ ਪਿੰਡ ਕੁੰਭੜਾ ਦੀ ਵਸਨੀਕ ਗੁਰਵਿੰਦਰ ਕੌਰ ਨਾਲ ਹੋਇਆ ਸੀ। ਉਸ ਦਾ ਬੇਟਾ ਉਨ੍ਹਾਂ ਤੋਂ ਅਲੱਗ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਵਿਆਹ ਤੋਂ ਬਾਅਦ ਵਿੱਚ ਉਨ੍ਹਾਂ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ ਅਤੇ ਕਈ ਵਾਰ ਲੜਾਈ ਝਗੜਾ ਕਰਕੇ ਉਨ੍ਹਾਂ ਦੀ ਨੂੰਹ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਇਸ ਸਬੰਧੀ ਕਈ ਵਾਰ ਆਪਸੀ ਸਮਝੌਤੇ ਵੀ ਹੋਏ ਹਨ।
ਸ਼ਿਕਾਇਤ ਕਰਤਾ ਅਨੁਸਾਰ ਉਨ੍ਹਾਂ ਦੀ ਨੂੰਹ ਗਰਭਵਤੀ ਹੋਣ ਕਰਕੇ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਹਰਦੀਪ ਵੀ ਪਤਨੀ ਨੂੰ ਮਿਲਣ ਲਈ ਕੁੰਭੜਾ ਜਾਂਦਾ ਰਹਿੰਦਾ ਸੀ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਬੀਤੇ ਦਿਨੀਂ ਵੀ ਉਸ ਦਾ ਬੇਟਾ ਬਾਅਦ ਦੁਪਹਿਰ ਕਰੀਬ ਡੇਢ ਵਜੇ ਆਪਣੀ ਪਤਨੀ ਨੂੰ ਮਿਲਣ ਗਿਆ ਸੀ। ਕੁੱਝ ਸਮੇਂ ਬਾਅਦ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਹਰਦੀਪ ਕਾਫੀ ਬੀਮਾਰ ਹੈ ਅਤੇ ਜਲਦੀ ਘਰ ਪਹੁੰਚੋ। ਸੂਚਨਾ ਮਿਲਣ ’ਤੇ ਜਿਵੇਂ ਉਹ ਘਰ ਪੁੱਜਾ ਤਾਂ ਉਸ ਨੇ ਦੇਖਿਆ ਕਿ ਕਾਫ਼ੀ ਲੋਕ ਇਕੱਠੇ ਹੋਏ ਸਨ ਅਤੇ ਉਸ ਦਾ ਬੇਟਾ ਬੈੱਡ ’ਤੇ ਪਿਆ ਸੀ। ਪੁੱਛਣ ’ਤੇ ਉਸ ਨੂੰ ਦੱਸਿਆ ਗਿਆ ਕਿ ਹਰਦੀਪ ਨੇ ਗਲ ਵਿੱਚ ਚੁੰਨੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਉਸ ਨੂੰ ਉਸ ਦੀ ਪਤਨੀ ਅਤੇ ਸੱਸ ਨੇ ਬਹੁਤ ਤੰਗ ਕੀਤਾ ਹੋਇਆ ਹੈ। ਜਿਸ ਕਰਕੇ ਉਸ ਨੇ ਆਤਮ ਹੱਤਿਆ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…