
ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ, 1 ਗੰਭੀਰ ਜ਼ਖ਼ਮੀ
ਕਰੋਲਾ ਕਾਰ ਚਾਲਕ ਨੂੰ ਵੀ ਲੱਗੀਆਂ ਮਾਮੂਲੀ ਸੱਟਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਮੁਹਾਲੀ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਕਰੋਲਾ ਕਾਰ ਚਾਲਕ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਮ੍ਰਿਤਕ ਨੌਜਵਾਨ ਦੀ ਪਛਾਣ ਮੁਹੰਮਦ ਜੈ ਵਾਰ ਪੁੱਤਰ ਹੁਸੈਨ ਅਲੀ (21) ਵਾਸੀ ਬਿਹਾਰ ਵਜੋਂ ਹੋਈ ਹੈ। ਉਹ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਦੇ ਪਿੰਡ ਕਜਹੇੜੀ ਵਿੱਚ ਰਹਿੰਦਾ ਸੀ। ਇਹ ਹਾਦਸਾ ਗੁਰੂ ਆਸਰਾ ਟਰੱਸਟ ਨੇੜਲੇ ਚੌਕ ’ਤੇ ਵਾਪਰਿਆ ਦੱਸਿਆ ਜਾ ਰਿਹਾ ਹੈ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਨੈਬ ਸਿੰਘ ਨੇ ਦੱਸਿਆ ਕਿ ਮੁਹੰਮਦ ਜੈ ਵਾਰ ਅਤੇ ਅਨਾਇਤ ਮਜ਼ਦੂਰੀ ਦਾ ਕੰਮ ਕਰਦੇ ਹਨ। ਅੱਜ ਉਹ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਕੰਮ ਕਿੱਧਰੇ ਜਾ ਰਹੇ ਸੀ ਕਿ ਜਦੋਂ ਉਹ ਮੁਹਾਲੀ ਤੋਂ ਪਿੰਡ ਰਾਏਪੁਰ ਕਲਾਂ ਵੱਲ ਜਾਂਦੀ ਸੜਕ ’ਤੇ ਸਥਿਤ ਗੁਰੂ ਆਸਰਾ ਟਰੱਸਟ ਨੇੜੇ ਪਹੁੰਚੇ ਤਾਂ ਇੱਕ ਹਰਿਆਣਾ ਨੰਬਰ ਦੀ ਤੇਜ਼ ਰਫ਼ਤਾਰ ਕਰੋਲਾ ਕਾਰ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੁਹੰਮਦ ਜੈ ਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਮੋਟਰ ਸਾਈਕਲ ਦੇ ਪਿੱਛੇ ਬੈਠਾ ਸੀ ਜਦੋਂਕਿ ਅਨਾਇਤ ਮੋਟਰ ਸਾਈਕਲ ਚਲਾ ਰਿਹਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਭੇਜ ਦਿੱਤਾ ਹੈ। ਉਸ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਪੋਸਟ ਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀ ਅਨਾਇਤ ਹਾਲੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ।
ਪ੍ਰਤੱਖਦਰਸ਼ੀਆਂ ਦੇ ਦੱਸਣ ਅਨੁਸਾਰ ਇੱਥੇ ਟਰੈਫ਼ਿਕ ਲਾਈਟਾਂ ਨਾ ਹੋਣ ਕਾਰਨ ਰੋਜ਼ਾਨਾ ਸੜਕ ਹਾਦਸੇ ਵਾਪਰਦੇ ਹਨ ਜਦੋਂਕਿ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਨਾਂ ਲੋੜ ਤੋਂ ਟਰੈਫ਼ਿਕ ਲਾਈਟਾਂ ਲੱਗੀਆਂ ਹੋਈਆਂ ਹਨ। ਹਾਦਸਾ ਗ੍ਰਸਤ ਕਾਰ ਚਾਲਕ ਹੀ ਮੋਟਰ ਸਾਈਕਲ ਸਵਾਰਾਂ ਨੂੰ ਲੈ ਕੇ ਸੋਹਾਣਾ ਹਸਪਤਾਲ ਪੁੱਜਾ। ਜਿੱਥੇ ਡਾਕਟਰਾਂ ਨੇ ਮੁਹੰਮਦ ਜੈ ਵਾਰ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਅਨਾਇਤ ਜੇਰੇ ਇਲਾਜ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਹਾਦਸਾ ਐਨਾ ਭਿਆਨਕ ਸੀ ਕਿ ਮੋਟਰ ਸਾਈਕਲ ਸਵਾਰ ਹਵਾ ਵਿੱਚ ਕਰੀਬ 10 ਤੋਂ 15 ਫੁੱਟ ਉਚਾਈ ਤੱਕ ਉੱਛਲ ਕੇ ਜ਼ਮੀਨ ’ਤੇ ਡਿੱਗੇ। ਜਿਸ ਕਾਰਨ ਸਿਰ ਵਿੱਚ ਜ਼ਿਆਦਾ ਸੱਟ ਲੱਗਣ ਕਾਰਨ ਮੁਹੰਮਦ ਜੈ ਵਾਰ ਦੀ ਮੌਤ ਹੋ ਗਈ।