
ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਦੇ ਨੇੜਲੀ ਬਾਲਮੀਕੀ ਕਲੋਨੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁੰਦਨ ਕੁਮਾਰ ਆਜ਼ਾਦ ਨਗਰ, ਬਲੌਂਗੀ ਵਜੋਂ ਹੋਈ ਹੈ। ਉਹ ਹਰੀਸ਼ ਬੈਂਡ ਫੇਜ਼-1 ਵਿੱਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਕੁੰਦਨ ਅੱਜ ਸਵੇਰੇ ਆਪਣੇ ਜੀਜੇ ਨਾਲ ਬੜਮਾਜਰਾ ਵੱਲ ਜਾ ਰਿਹਾ ਸੀ ਅਤੇ ਪਿੱਛੋਂ ਵੇਰਕਾ ਮਿਲਕ ਪਲਾਟ ਨੂੰ ਦੁੱਧ ਸਪਲਾਈ ਕਰਨ ਵਾਲੀ ਇੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕੁੰਦਨ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੂਚਨਾ ਮਿਲਦੇ ਹੀ ਪੁਲੀਸ ਚੌਂਕੀ ਫੇਜ਼-6 ਦੇ ਇੰਚਾਰਜ ਨਰਿੰਦਰ ਕੁਮਾਰ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਭੇਜ ਦਿੱਤੀ। ਪੁਲੀਸ ਨੇ ਵੇਰਕਾ ਮਿਲਕ ਪਲਾਟ ਨੂੰ ਦੁੱਧ ਸਪਲਾਈ ਕਰਨ ਵਾਲੀ ਗੱਡੀ ਦੇ ਡਰਾਈਵਰ ਸ਼ਿਵ ਕੁਮਾਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਇਸ ਸਬੰਧੀ ਥਾਣਾ ਫੇਜ਼-1 ਦੇ ਐਸਐਚਓ ਰਜਨੀਸ਼ ਚੌਧਰੀ ਨੇ ਦੱਸਿਆ ਕਿ ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਵਾਹਨ ਚਾਲਕ ਦੇ ਖ਼ਿਲਾਫ਼ ਧਾਰਾ 279, 304ਏ ਤਹਿਤ ਪਰਚਾ ਦਰਜ ਕਰਕੇ ਅਗਲੇ ਜਾਂਚ ਸ਼ੁਰੂ ਕਰ ਦਿੱਤੀ ਹੈ।