nabaz-e-punjab.com

ਸਰਕਾਰ ਸ਼ਹੀਦ ਸ੍ਰ. ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ‘ਯੁਵਾ ਸ਼ਸ਼ਕਤੀਕਰਨ ਦਿਵਸ’ ਵਜੋਂ ਮਨਾਏਗੀ: ਸਿੱਧੂ

ਪ੍ਰਧਾਨ ਮੰਤਰੀ ਨੂੰ ਕੌਮੀ ਪੱਧਰ ’ਤੇ ਮਨਾਉਣ ਲਈ ਲਿਖਿਆ ਜਾਵੇਗਾ ਪੱਤਰ

ਖਟਕੜ ਕਲਾਂ ਵਿੱਚ ਯਾਦਗਾਰੀ ਮਿਊਜ਼ੀਅਤ ਦੀ ਸੰਪੂਰਨਾ ਲਈ 2 ਕਰੋੜ ਦਾ ਚੈੱਕ ਸੌਂਪਿਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਖਟਕੜ ਕਲਾਂ, 5 ਜਨਵਰੀ:
ਸਭਿਆਚਾਰਕ ਮਾਮਲੇ, ਸੈਰ ਸਪਾਟਾ ਤੇ ਸਥਾਨਕ ਸਰਕਾਰਾਂ ਬਾਰੇ ਕੈਬਿਨਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਸਰਕਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ (23 ਮਾਰਚ) ਰਾਜ ਭਰ ਵਿੱਚ ‘ਯੁਵਾ ਸ਼ਕਤੀ ਦਿਵਸ’ ਵਜੋਂ ਮਨਾਏਗੀ। ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਦੇ ਵਿਸਤਾਰ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ, ਸ. ਸਿੱਧੂ ਨੇ ਆਖਿਆ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ 23 ਮਾਰਚ ਨੂੰ ਕੌਮੀ ਪੱਧਰ ਦੇ ‘ਯੁਵਾ ਸ਼ਕਤੀ ਦਿਵਸ’ ਵਜੋਂ ਮਨਾਏ ਜਾਣ ਲਈ ਪੱਤਰ ਲਿਖ ਕੇ ਬੇਨਤੀ ਕਰਨਗੇ। ਉਨ੍ਹਾਂ ਆਖਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਕੌਮੀ ਨਾਇਕ ਵਜੋਂ ਸਨਮਾਨੇ ਜਾਂਦੇ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਯੁਵਾ ਸ਼ਕਤੀ ਦੇ ਪ੍ਰੇਰਨਾਸ੍ਰੋਤ ਵਜੋਂ ਲੈਂਦੇ ਹੋਏ, ਸ਼ਹੀਦ-ਏ-ਆਜ਼ਮ ਭਗਤ ਸਿੰਘ ਐਵਾਰਡ ਵੀ ਸਥਾਪਿਤ ਕੀਤਾ ਜਾਵੇਗਾ।
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਦੇ ਵਿਸਤਾਰ ਕਾਰਜਾਂ ਨੂੰ ਮੁਕੰਮਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ 2 ਕਰੋੜ ਰੁਪਏ ਦਾ ਚੈੱਕ ਵਿਧਾਇਕ ਅੰਗਦ ਸਿੰਘ ਤੇ ਈ.ਓ. ਨਵਾਂਸ਼ਹਿਰ ਨੂੰ ਸੌਂਪਦਿਆਂ ਉਨ੍ਹਾਂ ਆਖਿਆ ਕਿ ਮਿਊਜ਼ੀਅਮ ਦਾ ਬਿਜਲੀ ਉਪਕਰਣਾਂ ਤੇ ਲਾਈਟਾਂ ਨਾਲ ਸਬੰਧਤ ਕੰਮ ਹਰ ਹਾਲ ਵਿੱਚ 31 ਜਨਵਰੀ ਤੱਕ ਪੂਰਾ ਕੀਤਾ ਜਾਵੇ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ’ਤੇ ਸਿਜਦਾ ਵੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਮਿਊਜ਼ੀਅਮ ਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਵਾਸਤੇ ਕੇਂਦਰ ਪਾਸੋਂ 8 ਕਰੋੜ ਰੁਪਏ ਦੀ ਮੰਗ ਵੀ ਰੱਖੀ ਹੈ। ਉਨ੍ਹਾਂ ਨੇ ਨਾਲ ਹੀ ਸਕੱਤਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਸ੍ਰੀ ਵਿਕਾਸ ਪ੍ਰਤਾਪ ਨੂੰ 15 ਫ਼ਰਵਰੀ ਤੱਕ ਲਾਈਟ ਤੇ ਸਾਊਂਡ ਦਾ ਕੰਮ ਮੁਕੰਮਲ ਕਰਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 23 ਮਾਰਚ ਨੂੰ ਇਸ ਮਿਊਜ਼ੀਅਮ ਨੂੰ ਲੋਕ ਅਰਪਣ ਕਰਨਗੇ। ਉਨ੍ਹਾਂ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਮਿਊਜ਼ੀਅਮ ਦੇ ਵਿਸਤਾਰ ਕਾਰਜ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇ ਅਤੇ ਕੋਈ ਵੀ ਢਿੱਲ ਮੱਠ ਬਰਦਾਸ਼ਤ ਨਹੀਂ ਹੋਵੇਗੀ।
ਸ੍ਰੀ ਸਿੱਧੂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਥਿਤ ਜੱਦੀ ਘਰ ਦੇ ਨੇੜੇ ਸੈਲਾਨੀਆਂ ਦੀ ਸਹੂਲਤ ਲਈ ‘ਟਾਇਲਟ ਬਲਾਕ’ ਤਿਆਰ ਕਰਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਵਿਖੇ ਸੈਲਾਨੀਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਕੈਫ਼ੇਟੇਰੀਆ ਤੇ ਟਾਇਲਟ ਬਲਾਕ ਵੀ ਬਣਾਇਆ ਜਾਵੇਗਾ ਤਾਂ ਜੋ ਮਿਊਜ਼ੀਅਮ ਵਿੱਚ ਬਣਨ ਵਾਲੀਆਂ ਵੱਖ-ਵੱਖ ਗੈਲਰੀਆਂ ਵਿਖੇ ਦੇਸ਼ ਦੀ ਅਜ਼ਾਦੀ ਨਾਲ ਸਬੰਧਤ ਇਤਿਹਾਸ ਦੇ ਦਰਸ਼ਨ ਕਰਨ ਵਾਲੇ ਸੈਲਾਨੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਨੇ 23 ਮਾਰਚ ਨੂੰ ਸ਼ਹੀਦੀ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਖਟਕੜ ਕਲਾਂ ਆਉਣ ਦੇ ਮੱਦੇਨਜ਼ਰ, ਉਸ ਦਿਨ ਵਾਸਤੇ ਹਰੇਕ ਬੱਸ ਦੇ ਰੁਕਣ ਦੇ ਇੰਤਜ਼ਾਮ ਕਰਨ ਦੇ ਆਦੇਸ਼ ਵੀ ਦਿੱਤੇ। ਸ਼ਹੀਦ-ਏ-ਆਜ਼ਮ ਨਾਲ ਸਬੰਧਤ ਕੁੱਝ ਵਸਤਾਂ ਨਵੀਂ ਦਿੱਲੀ ਵਿਖੇ ਪ੍ਰਦਰਸ਼ਨੀ ਵਿਖੇ ਜਾਣ ਤੋਂ ਬਾਅਦ, ਵਾਪਸ ਨਾ ਆਉਣ ਦੇ ਇੱਕ ਪੱਤਰਕਾਰ ਦੇ ਸੁਆਲ ’ਤੇ ਉਨ੍ਹਾਂ ਨੇ ਇਨ੍ਹਾਂ ਵਸਤਾਂ ਦੀ ਪੜਤਾਲ ਬਾਅਦ ਵਾਪਸੀ ਕਰਵਾਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਜੇਲ੍ਹ ਡਾਇਰੀ ਨੂੰ ਰਾਜ ਦੇ ਸਮੂਹ ਸਕੂਲਾਂ ਤੱਕ ਮੁਫ਼ਤ ਪੁੱਜਦੀ ਕਰਨ ਲਈ, ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਭਤੀਜੇੇ ਅਭੇ ਸਿੰਘ ਸੰਧੂ ਨਾਲ ਤਾਲਮੇਲ ਕੀਤਾ ਹੈ। ਸ. ਸਿੱਧੂ ਅਨੁਸਾਰ ਉਹ ਪਹਿਲੇ ਪੜਾਅ ਵਿੱਚ ਇਸ ਕਾਰਜ ਲਈ 25 ਲੱਖ ਰੁਪਏ ਆਪਣੇ ਵਿਭਾਗ ਦੀ ਤਰਫੋਂ ਦੇਣਗੇ। ਖਟਕੜ ਕਲਾਂ ਵਿਖੇ ਜੱਦੀ ਘਰ, ਪਾਰਕ ਅਤੇ ਮਿਊਜ਼ੀਅਮ ਦੀ ਦੇਖਭਾਲ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਚਾਰਾਂ ਨਗਰ ਕੌਂਸਲਾਂ ਨੂੰ ਆਪਣੇ ਸਲਾਨਾ ਬਜਟ ਵਿੱਚ ਅੱਧਾ-ਅੱਧਾ ਫ਼ੀਸਦੀ ਸੈੱਸ ਰਾਖਵਾਂ ਕਰਨ ਦੇ ਨਿਰਦੇਸ਼ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਨਾਲ ਸਾਂਭ-ਸੰਭਾਲ ਵਿੱਚ ਕੋਈ ਦਿੱਕਤ ਨਹੀਂ ਰਹੇਗੀ।
ਪੱਤਰਕਾਰਾਂ ਵੱਲੋਂ ਕੇਬਲ ਖ਼ਪਤਕਾਰਾਂ ਪਾਸੋਂ ਐਂਟਰਟੇਨਮੈਂਟ ਕਰ ਅਗਾਊਂ ਵਸੂਲੇ ਜਾਣ ਦੇ ਸੁਆਲਾਂ ’ਤੇ ਸ. ਸਿੱਧੂ ਨੇ ਆਖਿਆ ਕਿ ਇਹ ਟੈਕਸ, ਵਿਧਾਨ ਸਭਾ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਹੀ ਵਸੂਲੀਯੋਗ ਹੋਵੇਗਾ, ਇਸ ਲਈ ਕੇਬਲ ਅਪਰੇਟਰ ਇਸ ਦੀ ਹੁਣ ਤੋਂ ਵਸੂਲੀ ਨਹੀਂ ਕਰ ਸਕਦੇ। ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਕੋਲ ਸ਼ਿਕਾਇਤ ਕਰਨ ਲਈ ਆਖਿਆ। ਇਸ ਮੌਕੇ ਸਿੱਧੂ ਦੇ ਨਾਲ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸੈਰ ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ, ਡੀ.ਸੀ. ਅਮਿਤ ਕੁਮਾਰ, ਕਮਿਸ਼ਨਰ ਨਗਰ ਨਿਗਮ ਅਮ੍ਰਿਤਸਰ ਸੋਨਾਲੀ ਗਿਰਿ, ਐਸ.ਡੀ.ਐਮ. ਬੰਗਾ ਅਦਿਤਿਆ ਉੱਪਲ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…