ਗਿਆਨ ਜਯੋਤੀ ਕਾਲਜ ਦਾ ਯੂਥ ਫੈਸਟੀਵਲ ‘ਪ੍ਰਤਿਭਾ-2017’ ਦਾ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ

ਮੁਹਾਲੀ ਸਮੇਤ ਟ੍ਰਾਈਸਿਟੀ ਦੇ 24 ਕਾਲਜਾਂ ਦੇ 1200 ਵਿਦਿਆਰਥੀਆਂ ਨੇ ਕੀਤੀ ਸ਼ਿਰਕਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫ਼ੇਜ਼ 2 ਵਿੱਚ ਕਲਾ, ਸਭਿਆਚਾਰ ਅਤੇ ਤਕਨੀਕ ਦਾ ਸੁਮੇਲ ਪ੍ਰਤਿਭਾ-2017 ਯੂਥ ਫੈਸਟ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਟ੍ਰਾਈ ਸਿਟੀ ਦੇ ਕਰੀਬ 24 ਕਾਲਜਾਂ ਦੇ 1200 ਦੇ ਕਰੀਬ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸ ਸਭਿਆਚਾਰਕ ਅਤੇ ਪ੍ਰਬੰਧਕੀ ਫੈਸਟ ‘ਚ ਲੋਕ ਗੀਤ, ਡਾਂਸ,ਗਾਇਕੀ,ਰੰਗੋਲੀ, ਮਹਿੰਦੀ, ਰੋਬਟਿਕਸ ਮੁਕਾਬਲਿਆਂ ਤੋਂ ਇਲਾਵਾ ਮੈਨੇਜਮੈਂਟ ਅਤੇ ਟੈਕਨੌਲੋਜੀ ਨਾਲ ਸਬੰਧਤ ਕਰੀਬ 19 ਕੈਟਾਗਰੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਰੁਮਾਂਚਿਤ ਸਮਾਗਮ ਦਾ ਉਦਘਾਟਨ ਡੀ ਐੱਸ ਮਾਂਗਟ, ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਆਲ ਇੰਡੀਆ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਵੀ ਖ਼ਾਸ ਤੌਰ ’ਤੇ ਮੌਜੂਦ ਸਨ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਗਿਆਨ ਜਯੋਤੀ ਗਰੁੱਪ ਦੇ ਮਿਸ਼ਨ ਅਤੇ ਸਿਧਾਂਤ ਬਾਰੇ ਜਾਣਕਾਰੀ ਦਿੱਤੀ ।
ਮੁੱਖ ਮਹਿਮਾਨ ਡੀ ਸੀ ਮਾਂਗਟ ਨੇ ਵਿਦਿਆਰਥੀਆਂ ਦੀਆਂ ਤਿਆਰ ਕੀਤੇ ਮਾਡਲਾਂ ਅਤੇ ਸਟੇਜ ਤੇ ਕੀਤੀਆਂ ਬਿਹਤਰੀਨ ਪੇਸ਼ਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਅਜਿਹਾ ਖ਼ੂਬਸੂਰਤ ਪ੍ਰੋਗਰਾਮ ਆਯੋਜਿਤ ਕਰਨ ਲਈ ਮੈਂਨਜ਼ਮੈਂਟ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਬਲਕਿ ਉਨ੍ਹਾਂ ਅੰਦਰ ਲੁਕੀਆਂ ਪ੍ਰਤਿਭਾਵਾਂ ਨੂੰ ਵੀ ਉਜਾਗਰ ਕਰਨ ਲਈ ਸਹਾਇਕ ਹੁੰਦੇ ਹਨ।
ਡੀ ਸੀ ਮਾਂਗਟ ਨੇ ਵਿਦਿਆਰਥੀਆਂ ਨਾਲ ਆਪਣੀ ਕਾਲਜ ਦੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆਂ ਕਿ ਕਾਲਜ ਦੀ ਜ਼ਿੰਦਗੀ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਨੇ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋਏ ਪੜਾਈ ਤੇ ਆਪਣਾ ਜ਼ੋਰ ਰੱਖਿਆ ਉਹ ਤਰੱਕੀ ਦੀਆਂ ਸਿਖ਼ਰਾਂ ਛੂੰਹਦੇ ਗਏ ਜਦ ਕਿ ਜਿਨ੍ਹਾਂ ਨੇ ਸਿਰਫ਼ ਕਾਲਜ ਨੂੰ ਮੌਜ ਮਸਤੀ ਦਾ ਸਮਾਂ ਸਮਝਿਆ ਉਹ ਅੱਜ ਵੀ ਸੰਘਰਸ਼ ਦੀ ਜ਼ਿੰਦਗੀ ਜੀ ਰਹੇ ਹਨ। ਇਸ ਤੋਂ ਬਾਅਦ ਪੂਰੇ ਦਿਨ ਦੇ ਪ੍ਰੋਗਰਾਮ ਵਿਚ ਅਲੱਗ-ਅਲੱਗ ਪ੍ਰੋਗਰਾਮ ਜਿਵੇਂ ਗਿੱਧਾ, ਭੰਗੜਾ, ਰੰਗੋਲੀ, ਫੇਸ ਪੇਂਟਿੰਗ, ਡਿਬੇਟ, ਕੁਇਜ਼ ਅਤੇ ਸਕਿੱਟ ਵਗ਼ੈਰਾ ਪੇਸ਼ ਕੀਤੇ ਗਏ। ਜਿਨ੍ਹਾਂ ਵਿੱਚ 1200 ਤੋਂ ਵੱਧ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਸਭਿਆਚਾਰਕ ਫੈਸਟ ਨੂੰ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਹੁੰਗਾਰਾ ਦਿੱਤਾ।
ਫਾਈਨਲ ਵਿੱਚ ਹੋਏ ਫਸਵੇਂ ਮੁਕਾਬਲਿਆਂ ਵਿਚ ਕਰਾਸ ਟਾਕ ਵਿੱਚ ਸ਼ਿਵਾਲਕ ਇੰਸਟੀਚਿਊਟ ਆਫ਼ ਐਜੂਕੇਸ਼ਨ, ਬਰੇਨ ਟੀਜ਼ਰ ਵਿਚ ਪੋਸਟ ਗ੍ਰੈਜੂਏਟ ਕਾਲਜ ਸੈਕਟਰ 11 ਚੰਡੀਗੜ੍ਹ, ਉਤਪਾਦਨ ਯੋਜਨਾ ਅਤੇ ਲਾਂਚਿੰਗ ਵਿਚ ਐੱਸ ਟੀ ਕਾਲਜ ਸੈਕਟਰ 32, ਇਕ ਮਿੰਟ ਦੀ ਰਚਨਾਤਮਿਕਤਾ ਵਿੱਚ ਸਰਕਾਰੀ ਕਾਲਜ ਸੈਕਟਰ 50, ਕਲੇਅ ਮਾਡਲਿੰਗ ਅਤੇ ਲੋਕ ਗੀਤ ਵਿਚ ਖ਼ਾਲਸਾ ਕਾਲਜ, ਰੈਂਪ ਵਿਚ ਐੱਸ ਜੀ ਜੀ ਐ ਕਾਲਜ ਸੈਕਟਰ 26, ਚੰਡੀਗੜ੍ਹ, ਕਲਰ ਵੀ ਪ੍ਰੈਟੀ ਵਿਚ ਰਿਆਤ ਐਂਡ ਬਾਹਰਾ ਯੂਨੀਵਰਸਿਟੀ, ਰੰਗੋਲੀ ਵਿਚ ਪੋਸਟ ਗ੍ਰੈਜੂਏਟ ਕਾਲਜ ਚੰਡੀਗੜ੍ਹ, ਅੰਤਾਕਸ਼ਰੀ ਵਿਚ ਰਿਆਤ ਬਾਹਰਾ ਯੂਨੀਵਰਸਿਟੀ ਜੇਤੂ ਰਹੇ।
ਇਸ ਦੇ ਇਲਾਵਾ ਸਟੇਜ ਤੇ ਫ਼ੈਸ਼ਨ ਸ਼ੋ ਅਤੇ ਪੰਜਾਬ ਦੀ ਜਿੰਦ ਜਾਨ ਭੰਗੜਾ ਬਿਹਤਰੀਨ ਮੌਨਰੰਜਨ ਦਾ ਸਬੱਬ ਬਣੇ। ਸ਼ਾਮ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਚੇਅਰਮੈਨ ਜੇ ਐੱਸ ਬੇਦੀ ਨੇ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਉਨ੍ਹਾਂ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸਲਾਹਣਾ ਕਰਦੇ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿਤੀ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਨਸੀਹਤ ਦਿਤੀ ਕਿ ਜਿੱਥੇ ਕਾਲਜ ਦੀ ਜ਼ਿੰਦਗੀ ਬਹੁਤ ਖ਼ੂਬਸੂਰਤ ਹੁੰਦੀ ਹੈ ਉੱਥੇ ਹੀ ਉਨ੍ਹਾਂ ਦੇ ਭਵਿਖ ਲਈ ਇਕ ਮੀਲ ਪੱਥਰ ਵੀ ਹੁੰਦੀ ਹੈ ਜੋ ਕਿ ਉਨ੍ਹਾਂ ਦੇ ਸਾਰੀ ਜ਼ਿੰਦਗੀ ਦਾ ਭਵਿਖ ਤੈਅ ਕਰਨ ‘ਚ ਅਹਿਮ ਹਿੱਸਾ ਨਿਭਾਉਂਦੀ ਹੈ। ਇਸ ਰੰਗਾਂ ਰੰਗ ਸਮਾਰੋਹ ਦੀ ਸਮਾਪਤੀ ਅਗਲੇ ਸਾਲ ਦੁਬਾਰਾ ਮਿਲਣ ਦੇ ਵਾਅਦੇ ਨਾਲ ਡਾਇਰੈਕਟਰ ਅਨੀਤ ਬੇਦੀ ਦੇ ਧੰਨਵਾਦ ਭਾਸ਼ਣ ਨਾਲ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…