Share on Facebook Share on Twitter Share on Google+ Share on Pinterest Share on Linkedin ਸੜਕ ਹਾਦਸੇ ਵਿੱਚ ਹਾਕੀ ਖਿਡਾਰੀ ਸਮੇਤ 3 ਨੌਜਵਾਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ: ਮੁਹਾਲੀ ਏਅਰਪੋਰਟ ਸੜਕ ’ਤੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਇਕ ਰਿਸ਼ਤੇਦਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਨੀਰਜ ਕੁਮਾਰ (21) ਵਾਸੀ ਡੱਡੂਮਾਜਰਾ (ਯੂਟੀ) ਅਤੇ ਕ੍ਰਿਸ਼ਨ ਕੁਮਾਰ (22) ਵਾਸੀ ਕੈਥਲ (ਹਰਿਆਣਾ) ਵਜੋਂ ਹੋਈ ਹੈ ਜਦੋਂਕਿ ਜ਼ਖ਼ਮੀ ਰਿਸ਼ਤੇਦਾਰ ਵਰਿੰਦਰਪਾਲ (21) ਵਾਸੀ ਡੱਡੂਮਾਜਰਾ ਦੀ ਲੱਤ ਟੁੱਟ ਗਈ ਹੈ। ਉਸ ਨੂੰ ਸੈਕਟਰ-16 ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਲੰਘੀ ਰਾਤ ਕਰੀਬ ਡੇਢ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਜਦੋਂਕਿ ਦੂਜੇ ਹਾਦਸੇ ਵਿੱਚ 20 ਸਾਲਾਂ ਨੌਜਵਾਨ ਪ੍ਰਤੀਕ ਸ਼ਰਮਾ ਦੀ ਮੌਤ ਹੋ ਗਈ। ਮ੍ਰਿਤਕ ਹਾਕੀ ਦਾ ਖਿਡਾਰੀ ਦੱਸਿਆ ਜਾ ਰਿਹਾ ਹੈ। ਜਾਂਚ ਅਧਿਕਾਰੀ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਨੀਰਜ ਕੁਮਾਰ ਅਤੇ ਵਰਿੰਦਰਪਾਲ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਕਲੱਬ ਵਿੱਚ ਡੀਜੇ ਅਪਰੇਟਰ ਦਾ ਕੰਮ ਕਰਦੇ ਹਨ ਅਤੇ ਵਰਿੰਦਰਪਾਲ ਦੇ ਮਾਮੇ ਦਾ ਬੇਟਾ ਕ੍ਰਿਸ਼ਨ ਕੁਮਾਰ ਉਸ ਕੋਲ ਮਿਲਣ ਆਇਆ ਹੋਇਆ ਸੀ। ਐਤਵਾਰ ਨੂੰ ਦੇਰ ਰਾਤ ਉਹ ਪਾਰਟੀ ਖ਼ਤਮ ਕਰਕੇ ਕਰੀਬ ਸਵਾ ਇਕ ਵਜੇ ਗਰਮ ਧਰਮ ਰੈਸਟੋਰੈਂਟ ’ਚੋਂ ਰਾਤ ਦਾ ਖਾਣਾ ਖਾ ਕੇ ਵਾਪਸ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਹੇ ਸੀ ਕਿ ਰਸਤੇ ਵਿੱਚ ਇਕ ਤੇਜ਼ ਰਫ਼ਤਾਰ ਅਪੋਲੋ ਕਾਰ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਨੀਰਜ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕ੍ਰਿਸ਼ਨ ਕੁਮਾਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਲੇਕਿਨ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਤੀਜੇ ਜ਼ਖ਼ਮੀ ਵਰਿੰਦਰਪਾਲ ਨੂੰ ਪਹਿਲਾਂ ਜਨਰਲ ਹਸਪਤਾਲ ਸੈਕਟਰ-32 ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪ੍ਰੰਤੂ ਬਾਅਦ ਵਿੱਚ ਉਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਪੁਲੀਸ ਅਨੁਸਾਰ ਵਰਿੰਦਰਪਾਲ ਦੀ ਇਕ ਲੱਤ ਟੁੱਟ ਗਈ ਹੈ ਅਤੇ ਕਾਰ ਚਾਲਕ ਘਟਨਾ ਸਥਾਨ ’ਤੇ ਆਪਣੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਕਾਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਹਾਦਸਾ ਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਭਲਕੇ ਮੰਗਲਵਾਰ ਨੂੰ ਮ੍ਰਿਤਕ ਨੌਜਵਾਨਾਂ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਉਧਰ, ਦੂਜਾ ਹਾਦਸਾ ਸੈਕਟਰ-68 ਅਤੇ ਸੈਕਟਰ-78 ਦੇ ਲਾਲ ਬੱਤੀ ਟੀ-ਪੁਆਇੰਟ ’ਤੇ ਵਾਪਰਿਆ ਹੈ। ਸੋਹਾਣਾ ਥਾਣਾ ਦੇ ਏਐਸਆਈ ਸੰਜੇ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ 20 ਸਾਲਾਂ ਨੌਜਵਾਨ ਪ੍ਰਤੀਕ ਸ਼ਰਮਾ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਠਿੰਡਾ ਦਾ ਰਹਿਣ ਵਾਲਾ ਸੀ ਅਤੇ ਮੁਹਾਲੀ ਵਿੱਚ ਹਾਕੀ ਦਾ ਮੈਚ ਖੇਡਣ ਆਇਆ ਸੀ। ਲੰਘੀ ਰਾਤ ਕਰੀਬ ਸਾਢੇ 11 ਵਜੇ ਪੁਲੀਸ ਨੂੰ ਹਾਦਸੇ ਬਾਰੇ ਇਤਲਾਹ ਮਿਲੀ ਸੀ ਅਤੇ ਮੌਕੇ ’ਤੇ ਜਾ ਦੇਖਿਆ ਕਿ ਇਕ ਨੌਜਵਾਨ ਤੜਫ਼ ਰਿਹਾ ਸੀ ਅਤੇ ਉਸ ਦਾ ਮੋਟਰ ਸੜਕ ’ਤੇ ਡਿੱਗਿਆ ਹੋਇਆ ਸੀ। ਜ਼ਖ਼ਮੀ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਭਲਕੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ