nabaz-e-punjab.com

ਨੌਜਵਾਨ ਕਤਲ-ਕਾਂਡ: ਜ਼ਿਲ੍ਹਾ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਾਰਨ 9 ਮੁਲਜ਼ਮ ਬਰੀ

ਵਾਰਦਾਤ ਦੌਰਾਨ ਨੌਜਵਾਨ ਦੇ ਸਿਰ ਤੇ ਪੇਟ ਵਿੱਚ ਮਾਰੀਆਂ ਸਨ ਗੋਲੀਆਂ

ਸੜਕ ਕਿਨਾਰੇ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਲਗਪਗ ਡੇਢ ਦਰਜਨ ਕੀਤੇ ਸੀ ਫਾਇਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਕਰੀਬ ਤਿੰਨ ਸਾਲ ਪੁਰਾਣੇ ਨੌਜਵਾਨ ਦੇ ਕਤਲ ਮਾਮਲੇ ਦਾ ਨਿਬੇੜਾ ਕਰਦਿਆਂ 9 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰ ਦਿੱਤਾ ਹੈ। ਇਹ ਮੁਲਜ਼ਮ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ। ਜਿਸ ਕਾਰਨ ਜ਼ਿਆਦਾਤਰ ਮੁਲਜ਼ਮਾਂ ਦੀ ਪੇਸ਼ੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹੁੰਦੀ ਸੀ। ਅੱਜ ਵੀ ਸਿਰਫ਼ ਇੱਕ ਮੁਲਜ਼ਮ ਰੋਹਿਤ ਸੇਠੀ ਨੂੰ ਛੱਡ ਕੇ ਬਾਕੀ ਮੁਲਜ਼ਮਾਂ ਨੇ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ।
ਜਾਣਕਾਰੀ ਅਨੁਸਾਰ 7 ਨਵੰਬਰ 2019 ਨੂੰ ਖਰੜ ਵਿੱਚ ਦਰਪਨ ਸਿਟੀ ਦੇ ਗੇਟ ਨੇੜੇ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਇੰਦਰਜੀਤ ਸਿੰਘ (25) ਵਾਸੀ ਗੁਰੂ ਨਾਨਕ ਪੁਰਾ, ਫਿਰੋਜ਼ਪੁਰ ਨੂੰ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਇਸ ਵਾਰਦਾਤ ਤੋਂ ਤਿੰਨ ਦਿਨ ਪਹਿਲਾਂ ਹੀ ਦਰਪਨ ਸਿਟੀ ਵਿੱਚ ਰਹਿੰਦੇ ਆਪਣੇ ਦੋ ਦੋਸਤਾਂ ਕੋਲ ਰਹਿਣ ਲਈ ਆਇਆ ਸੀ।
ਵਾਰਦਾਤ ਵਾਲੇ ਦਿਨ ਦੁਪਹਿਰ ਵੇਲੇ ਉਹ ਆਪਣੇ ਦੋ ਦੋਸਤਾਂ ਦੇ ਨਾਲ ਮੋਟਰ ਸਾਈਕਲ ਦੇ ਪਿੱਛੇ ਬੈਠ ਕੇ ਚੰਡੀਗੜ੍ਹ ਜਾ ਰਿਹਾ ਸੀ। ਰਸਤੇ ਵਿੱਚ ਮੋੜ ’ਤੇ ਪਹਿਲਾਂ ਤੋਂ ਘਾਤ ਲਗਾ ਕੇ ਖੜੇ ਕਾਰ ਸਵਾਰਾਂ ਨੇ ਮੋਟਰ ਸਾਈਕਲ ਨੂੰ ਰੋਕ ਕੇ ਇੰਦਰਜੀਤ ਨੂੰ ਥੱਲੇ ਉਤਾਰਿਆਂ ਅਤੇ ਦੇਖਦੇ ਹੀ ਦੇਖਦੇ ਉਸ ਦੇ ਸਿਰ ਅਤੇ ਪੇਟ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧੀ ਬਲਵੀਰ ਸਿੰਘ ਵਾਸੀ ਫਿਰੋਜ਼ਪੁਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਖਰੜ ਸਿਟੀ ਥਾਣੇ ਵਿੱਚ ਧਾਰਾ 302, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਵਿੱਚ ਚੱਲ ਰਹੀ ਸੀ।
ਹਾਲਾਂਕਿ ਜਾਂਚ ਟੀਮ ਨੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ-ਪੜਤਾਲ ਕਰਦਿਆਂ ਅਵਿਨਾਸ਼ ਚੋਪੜਾ ਉਰਫ਼ ਅਸੀਸ ਚੋਪੜਾ, ਹਰਪ੍ਰੀਤ ਸਿੰਘ ਹੈਪੀ, ਅਮਰਜੀਤ ਸਿੰਘ, ਮਨਜੀਤ ਸਿੰਘ, ਮੇਜਰ ਸਿੰਘ ਉਰਫ਼ ਬਾਬਾ, ਦਿਲਪ੍ਰੀਤ ਸਿੰਘ ਲੱਲੀ, ਗਗਨਪ੍ਰੀਤ ਸਿੰਘ, ਰੋਹਿਤ ਸੇਠੀ ਅਤੇ ਅਜੇ ਕੁਮਾਰ ਸਾਰੇ ਵਾਸੀ ਫਿਰੋਜ਼ਪੁਰ ਨੂੰ ਨੌਜਵਾਨ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਪ੍ਰੰਤੂ ਸੁਣਵਾਈ ਦੌਰਾਨ ਖਰੜ ਪੁਲੀਸ ਉਕਤ ਮੁਲਜ਼ਮਾਂ ਖ਼ਿਲਾਫ਼ ਕੋਈ ਠੋਸ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ। ਜਿਸ ਕਾਰਨ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਨੇ ਉਕਤ ਸਾਰੇ ਮੁਲਜ਼ਮਾਂ ਨੂੰ ਬੇਕਸੂਰ ਮੰਨਦਿਆਂ ਬਰੀ ਕਰ ਦਿੱਤਾ।
ਇੱਥੇ ਇਹ ਦੱਸਣਯੋਗ ਹੈ ਕਿ ਇੰਦਰਜੀਤ ਸਿੰਘ 5 ਨਵੰਬਰ 2019 ਨੂੰ ਫਿਰੋਜ਼ਪੁਰ ਤੋਂ ਚੰਡੀਗੜ੍ਹ ਘੁੰਮਣ ਫਿਰਨ ਲਈ ਖਰੜ ਵਿੱਚ ਰਹਿੰਦੇ ਆਪਣੇ ਦੋ ਦੋਸਤਾਂ ਕੋਲ ਆਇਆ ਸੀ। ਉਸ ਨੇ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਅਤੇ ਹੋਰਨਾਂ ਮਹੱਤਵ ਪੂਰਨ ਥਾਵਾਂ ਦਾ ਨਜ਼ਾਰਾ ਦੇਖਿਆ ਅਤੇ ਅਗਲੇ ਦਿਨ ਉਸ ਨੂੰ ਕਿਸੇ ਨੇ ਫੋਨ ਕਰਕੇ ਮਿਲਣ ਲਈ ਸੜਕ ’ਤੇ ਸੱਦਿਆ ਤਾਂ ਉਹ ਜਿਵੇਂ ਹੀ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਨਿਕਲਿਆ ਤਾਂ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਉਸ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇੰਦਰਜੀਤ ਸਿੰਘ ਨੂੰ ਉਸਦੇ ਸਾਥੀਆਂ ਵੱਲੋਂ ਤੁਰੰਤ ਸਰਕਾਰੀ ਹਸਪਤਾਲ ਖਰੜ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਘਟਨਾ ਵਾਲੀ ਥਾਂ ’ਤੇ ਕਾਫ਼ੀ ਜ਼ਿਆਦਾ ਖੂਨ ਡੱੁਲ੍ਹਿਆ ਹੋਇਆ ਸੀ ਅਤੇ ਪੁਲੀਸ ਨੇ ਮੌਕੇ ਤੋਂ ਕਾਰਤੂਸ ਦੇ ਕਾਫ਼ੀ ਖੋਲ੍ਹ ਵੀ ਬਰਾਮਦ ਕੀਤੇ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…