
ਯੂਥ ਆਫ਼ ਪੰਜਾਬ ਵੱਲੋਂ ਲੋੜਵੰਦ ਧੀਆਂ ਦੇ ਵਿਆਹਾਂ ਦੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ
ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ:
ਸਮਾਜ ਸੇਵਾ ਨੂੰ ਸਮਰਪਿਤ ਯੂਥ ਆਫ਼ ਪੰਜਾਬ ਵੱਲੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੰਜ ਅਪਰੈਲ ਨੂੰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਰਵਾਏ ਜਾਣ ਵਾਲੇ ਲੋੜਵੰਦ ਲੜਕੀਆਂ ਦੇ ਵਿਆਹਾਂ ਦੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਲੋੜਵੰਦ ਧੀਆਂ ਦੇ ਵਿਆਹਾਂ ਮੌਕੇ ਉਨ੍ਹਾਂ ਨੂੰ ਨਿੱਤ ਵਰਤੋਂ ਦਾ ਜ਼ਰੂਰੀ ਸਮਾਨ ਵੀ ਦਿੱਤਾ ਜਾਵੇਗਾ। ਇਸ ਸਮਾਨ ਵਿੱਚ ਬੈੱਡ, ਗੱਦੇ, ਅਲਮਾਰੀ, ਸੋਫ਼ਾ ਸੈੱਟ ਸਮੇਤ ਟੇਬਲ, ਕੂਲਰ, ਸਿਲਾਈ ਮਸ਼ੀਨਾਂ, ਸੂਟ, ਚਾਂਦੀ ਦੀਆਂ ਝਾਂਜਰਾਂ, ਸ਼ਿੰਗਾਰ ਬਾਕਸ ਸਮੇਤ ਹੋਰ ਵਸਤੂਆਂ ਦਿੱਤੀਆਂ ਜਾਣਗੀਆਂ।
ਸ੍ਰੀ ਬੈਦਵਾਨ ਨੇ ਕਿਹਾ ਕਿ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ। ਇਸ ਲਈ ਲੋੜਵੰਦ ਧੀਆਂ ਦੇ ਵਿਆਹ ਮੌਕੇ ਉਨ੍ਹਾਂ ਦੇ ਹਰ ਚਾਅ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਥ ਆਫ਼ ਪੰਜਾਬ ਭਵਿੱਖ ਵਿੱਚ ਵੀ ਅਜਿਹੇ ਕਾਰਜ ਨਿਰੰਤਰ ਜਾਰੀ ਰੱਖੇਗਾ। ਇਸ ਮੌਕੇ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਯੂਥ ਆਫ਼ ਪੰਜਾਬ ਦੇ ਪ੍ਰਧਾਨ ਰਮਾਕਾਂਤ ਕਾਲੀਆ, ਮੀਤ ਪ੍ਰਧਾਨ ਬੱਬੂ ਚੱਕਲ ਮੁਹਾਲੀ, ਜਨਰਲ ਸਕੱਤਰ ਲੱਕੀ ਕਲਸੀ, ਜ਼ਿਲ੍ਹਾ ਪ੍ਰਧਾਨ ਗੁਰਜੀਤ ਮਾਮਾ, ਅੰਮ੍ਰਿਤ ਜੌਲੀ, ਵਿੱਕੀ ਮਨੌਲੀ, ਰਵੀ ਮਟੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।