
ਯੂਥ ਆਫ਼ ਪੰਜਾਬ ਸੰਸਥਾ ਨੇ ਲੋੜਵੰਦ ਧੀਆਂ ਦੇ ਵਿਆਹ ਕੀਤੇ
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੋਏ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ
ਨਬਜ਼-ਏ-ਪੰਜਾਬ, ਮੁਹਾਲੀ, 6 ਅਪਰੈਲ:
ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਵੱਲੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ। ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਹੋਰਨਾਂ ਮੈਂਬਰਾਂ ਨੇ ਬਾਰਾਤਾਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ। ਤਿੰਨ ਲੋੜਵੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ ਅਤੇ ਉਨ੍ਹਾਂ ਨੂੰ ਨਿੱਤ ਵਰਤੋਂ ਦਾ ਘਰੇਲੂ ਸਮਾਨ ਬੈੱਡ, ਗੱਦੇ, ਅਲਮਾਰੀ, ਕੂਲਰ, ਸਿਲਾਈ ਮਸ਼ੀਨ, ਸੂਟ, ਚਾਂਦੀ ਦੀਆਂ ਝਾਂਜਰਾਂ, ਘੜੀਆਂ ਅਤੇ ਹੋਰ ਕਾਫ਼ੀ ਸਮਾਨ ਦਿੱਤਾ ਗਿਆ। ਬੈਦਵਾਨ ਨੇ ਦੱਸਿਆ ਕਿ ਨਵਵਿਆਹੇ ਜੋੜਿਆਂ ਨੂੰ ਸ਼ਗਨ ਪਾ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਨਵੇਂ ਪੜਾਅ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਪੰਜਾਬ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਪਰਮਜੀਤ ਕੌਰ ਲਾਂਡਰਾਂ, ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਕਾਂਗਰਸੀਂ ਆਗੂ ਅਮਰਜੀਤ ਸਿੰਘ ਗਿੱਲ, ਅਕਾਲੀ ਆਗੂ ਗੁਰਮੀਤ ਸਿੰਘ ਬੈਦਵਾਨ, ਪਰਮਜੀਤ ਸਿੰਘ ਕਾਹਲੋਂ, ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ, ਖੇਡ ਪ੍ਰਮੋਟਰ ਮਹਿੰਦਰ ਸਿੰਘ ਸੋਹਾਣਾ, ਸਮਾਜ ਸੇਵੀ ਆਭਾ ਬਾਂਸਲ, ਰਾਹੁਲ ਸ਼ਰਮਾ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਨਵਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅਖੀਰ ਜਦੋਂ ਡੋਲੀ ਤੋਰਨ ਦਾ ਸਮਾਂ ਆਇਆ ਤਾਂ ਸੰਸਥਾ ਦੇ ਚੇਅਰਮੈਨ ਪਰਮਦੀਪ ਬੈਦਵਾਨ ਨਵ-ਵਿਆਹੇ ਜੋੜਿਆਂ ਨੂੰ ਵਧਾਈ ਦੇਣ ਸਮੇਂ ਕਾਫ਼ੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਧੀਆਂ ਸੱਚਮੁੱਚ ਬੇਗਾਨਾ ਧੰਨ ਹੁੰਦੀਆਂ ਹਨ।

ਇਸ ਮੌਕੇ ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਚੱਕਲ ਮੁਹਾਲੀ, ਜਰਨਲ ਸਕੱਤਰ ਲੱਕੀ ਕਲਸੀ, ਵਿੱਕੀ ਮਨੌਲੀ, ਗੁਰਜੀਤ ਮਾਮਾ, ਰਵੀ ਮਟੌਰ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਪ੍ਰਧਾਨ ਹਰਜਿੰਦਰ ਸਿੰਘ, ਮਲਕੀਤ ਸਿੰਘ ਸੋਹਾਣਾ, ਸੋਨੀ ਸੋਹਾਣਾ, ਮਨਜੀਤ ਸਿੰਘ, ਅਵਤਾਰ ਸਿੰਘ ਚਡਿਆਲਾ, ਤੇਜ਼ੀ ਮਟੌਰ, ਸੋਨੂੰ ਬੈਦਵਾਨ, ਇਕਬਾਲ ਸਿੰਘ ਬੈਰੋਪੁਰ, ਸੁਨੀਲ ਬਾਂਸਲ, ਜਸਪਾਲ ਸਿੰਘ, ਰਵੀ ਮਨੌਲੀ, ਜਤਿੰਦਰ ਬੈਦਵਾਨ, ਮਨਜੀਤ ਸਰਪੰਚ ਦਾਦੂਮਾਜਰਾ, ਮਨਵੀਰ ਬੈਦਵਾਨ, ਸ਼ੈਰੀ ਚੱਕਲ, ਚੰਨੀ ਮਟੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।