ਯੂਥ ਆਫ਼ ਪੰਜਾਬ ਵੱਲੋਂ ਬਾਰਡਰ ’ਤੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਸ਼ਹੀਦਾਂ ਦੇ ਪਰਿਵਾਰਾਂ ਲਈ ਲਈ 1-1 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇਵੇ ਕੇਂਦਰ ਸਰਕਾਰ: ਪਰਮਦੀਪ ਬੈਦਵਾਨ

ਪਰਮਦੀਪ ਬੈਦਵਾਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਸ਼ਲਾਘਾ, ਨਰਿੰਦਰ ਮੋਦੀ ਨੂੰ ਕੋਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਦੇਸ਼ ਦੀ ਸੀਮਾ ’ਤੇ ਹਰ ਰੋਜ਼ ਪਾਕਿਸਤਾਨੀ ਫੌਜ ਵੱਲੋਂ ਸਾਡੇ ਭਾਰਤੀ ਫੌਜੀਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ, ਭਾਰਤੀ ਫੌਜੀਆਂ ਦੇ ਸਿਰ ਕਲਮ ਕੀਤੇ ਜਾਣ ਦੀਆਂ ਵੀਡੀਓ ਬਣਾ ਕੇ ਸਾਡੇ ਬਾਕੀ ਫੌਜੀਆਂ ਦੇ ਮਨੋਬਲ ਡੇਗਣ ਦੀਆਂ ਕੋਝੀਆਂ ਹਰਕਤਾਂ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 56 ਇੰਚ ਚੌੜਾ ਸੀਨਾ ਫੁਲਾ ਨਹੀਂ ਰਹੇ ਹਨ। ਇਹ ਵਿਚਾਰ ਯੂਥ ਆਫ਼ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਨੇ ਪਿੰਡ ਮਟੌਰ ਸਥਿਤ ਮੰਦਰ ਬਾਬਾ ਬਾਲ ਭਾਰਤੀ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ਼ਹੀਦ ਫੌਜੀ ਜਵਾਨਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਪਰਮਦੀਪ ਬੈਦਵਾਨ ਦੀ ਅਗਵਾਈ ਵਿੱਚ ਯੂਥ ਆਫ਼ ਪੰਜਾਬ ਦੇ ਬੈਨਜ ਹੇਠ ਇਕੱਤਰ ਹੋਏ ਨੌਜਵਾਨਾਂ ਨੇ ਸ਼ਹੀਦ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਹਿੱਤ 20 ਮਿੰਟ ਦਾ ਪਾਠ ਵੀ ਕੀਤਾ।
ਪਰਮਦੀਪ ਬੈਦਵਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬਰਸਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਜਦੋਂ ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਸੀ ਤਾਂ ਨਰਿੰਦਰ ਮੋਦੀ ਦੇ ਬਿਆਨ ਆਉਂਦੇ ਸਨ ਕਿ ਡਾ. ਮਨਮੋਹਨ ਸਰਕਾਰ ਚੁੱਪ ਬੈਠੀ ਹੈ ਅਤੇ ਉਹ ਆਪਣੀ ਸਰਕਾਰ ਆਉਣ ’ਤੇ ਪਾਕਿਸਤਾਨ ਦੀ ਇੱਟ ਨਾਲ ਇੱਟ ਖੜਕਾ ਦੇਣਗੇ। ਪ੍ਰੰਤੂ ਅਫ਼ਸੋਸ ਜਦੋਂ ਹੁਣ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੈ ਤਾਂ ਵੀ ਪਾਕਿਸਤਾਨੀ ਹਮਲੇ ਉਸੇ ਤਰ੍ਹਾਂ ਬਰਕਰਾਰ ਹਨ ਅਤੇ ਮੋਦੀ ਸਾਹਿਬ ਇਸ ਦਾ ਜਵਾਬ ਦੇਣ ਤੋਂ ਲਾਚਾਰ ਜਾਪਣ ਲੱਗ ਪਏ ਹਨ।
ਸ੍ਰੀ ਬੈਦਵਾਨ ਨੇ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਿਊਟੀ ਦੌਰਾਨ ਖਤਰਨਾਕ ਹਾਲਾਤਾਂ ਨਾਲ ਨਿਪਟਣ ਲਈ ਭਾਰਤੀ ਫੌਜ ਨੂੰ ਖੁਲ੍ਹੀ ਛੁੱਟੀ ਦੇਣ ਦੀ ਮੰਗ ਕੀਤੇ ਜਾਣ ਦੇ ਬਿਆਨ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇੱਕ ਫੌਜੀ ਦਾ ਦੁੱਖ ਦਰਦ ਫੌਜੀ ਹੀ ਜਾਣ ਸਕਦਾ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਹੀ ਫੌਜੀ ਭਰਾਵਾਂ ਦੇ ਦਰਦ ਜਾਣ ਸਕਦੇ ਹਨ। ਸੋ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਭਾਰਤੀ ਫੌਜੀਆਂ ਨੂੰ ਬਾਰਡਰ ’ਤੇ ਖ਼ਤਰਨਾਕ ਹਾਲਾਤਾਂ ਨਾਲ ਨਿਪਟਣ ਦੀ ਖੁੱਲ੍ਹ ਦਿੱਤੀ ਜਾਵੇ।
ਸ੍ਰੀ ਬੈਦਵਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਾਰਡਰ ’ਤੇ ਸ਼ਹੀਦ ਹੋਣ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਫੌਰੀ ਤੌਰ ’ਤੇ ਸਹਾਇਤਾ ਰਾਸ਼ੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪਾਲਣ ਪੋਸ਼ਣ ਦਾ ਉਚਿਤ ਪ੍ਰਬੰਧ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰਜੀਤ ਸਿੰਘ, ਪ੍ਰਭ ਬੈਦਵਾਨ, ਬਾਲ ਕ੍ਰਿਸ਼ਨ, ਸ਼ੁਭ ਸੇਖੋਂ, ਹਰਮਨ ਹਨੀ, ਦੀਪਿੰਦਰ ਬੈਦਵਾਨ, ਰਾਜਦੀਪ ਰਤੀਆ, ਰਮਨ ਚਾਹਲ, ਜ਼ੈਪੀ ਧੀਮਾਨ, ਪ੍ਰਤੀਕ ਭੱਲਾ, ਨੀਰਜ ਰਾਜਪੂਤ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…