nabaz-e-punjab.com

ਪਿੰਡ ਬੱਲੋਮਾਜਰਾ ਵਿੱਚ ਨੌਜਵਾਨਾਂ ਤੇ ਪੁਲੀਸ ’ਚ ਗੋਲੀਬਾਰੀ, ਤਿੰਨ ਨੌਜਵਾਨ ਤੇ ਇੱਕ ਲੜਕੀ ਕਾਬੂ

ਪੁਲੀਸ ਨੇ ਪੁੱਛਗਿੱਛ ਲਈ ਮਕਾਨ ਮਾਲਕ ਦੇ ਦੋ ਲੜਕਿਆਂ ਨੂੰ ਵੀ ਹਿਰਾਸਤ ਵਿੱਚ ਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਇੱਥੋਂ ਦੇ ਨੇੜਲੇ ਪਿੰਡ ਬੱਲੋਮਾਜਰਾ ਵਿੱਚ ਵੀਰਵਾਰ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂਕਿ ਇੱਕ ਚੁਬਾਰੇ ਵਿੱਚ ਕਿਰਾਏ ’ਤੇ ਰਹਿੰਦੇ ਕੁਝ ਨੌਜਵਾਨਾਂ ਨੇ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਸੂਤਰਾਂ ਦੀ ਜਾਣਕਾਰੀ ਅਨੁਸਾਰ ਇੱਕ ਵਾਸੀ ਦੇ ਚੁਬਾਰੇ ਵਿੱਚ ਬਤੌਰ ਕਿਰਾਏਦਾਰ ਰਹਿੰਦੇ ਨੌਜਵਾਨ ਗੈਂਗਸਟਰ ਦੱਸੇ ਜਾ ਰਹੇ ਹਨ। ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਹੀ ਹੈ। ਅੱਜ ਦੇਰ ਸ਼ਾਮ ਜਿਵੇਂ ਹੀ ਪੁਲੀਸ ਪਾਰਟੀ ਉੱਥੇ ਪਹੁੰਚੀ ਤਾਂ ਇਸ ਦੌਰਾਨ ਅਚਾਨਕ ਚੁਬਾਰੇ ’ਚੋਂ ਕਿਸੇ ਨੇ ਗੋਲੀ ਚਲਾ ਦਿੱਤੀ। ਜਿਸ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਗਈ ਹੈ ਅਤੇ ਲੋਕ ਆਪਣੇ ਘਰਾਂ ਅੰਦਰ ਵੜ ਗਏ ਅਤੇ ਪੁਲੀਸ ਨੇ ਪਿੰਡ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਉਧਰ, ਬਾਹਰੋਂ ਆਪਣੇ ਘਰ ਆਉਣ ਵਾਲੇ ਵਿਅਕਤੀਆਂ ਨੂੰ ਪੁਲੀਸ ਨੇ ਦੇਰ ਰਾਤ ਤੱਕ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ।
ਇਸ ਸਬੰਧੀ ਐਸਐਸਪੀ ਹਰਚਰਨ ਸਿੰਘ ਭੁੱਲਰ ਸਮੇਤ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਥਾਣਾ ਬਲੌਂਗੀ ਦੇ ਐਸਐਚਓ ਯੋਗੇਸ਼ ਕੁਮਾਰ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਨ੍ਹਾਂ ਅਧਿਕਾਰੀਆਂ ਨੇ ਫੋਨ ਨਹੀਂ ਚੁੱਕਿਆ। ਸੂਤਰਾਂ ਦੀ ਜਾਣਕਾਰੀ ਅਨੁਸਾਰ ਪੁਲੀਸ ਨੇ ਚੁਬਾਰੇ ਵਿੱਚ ਕਿਰਾਏਦਾਰ ਵਜੋਂ ਰਹਿੰਦੇ ਤਿੰਨ ਨੌਜਵਾਨਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਉਨ੍ਹਾਂ ਨਾਲ ਇੱਕ ਲੜਕੀ ਨੂੰ ਵੀ ਪੁਲੀਸ ਆਪਣੇ ਨਾਲ ਥਾਣੇ ਲੈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਨੇ ਪੁੱਛਗਿੱਛ ਲਈ ਮਕਾਨ ਮਾਲਕ ਦੇ ਦੋ ਲੜਕਿਆਂ ਗੋਗੀ ਅਤੇ ਰਣਧੀਰ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਹੈ।
ਉਧਰ, ਮਕਾਨ ਮਾਲਕ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਨੌਜਵਾਨਾਂ ਨੇ ਕਰੀਬ ਢਾਈ ਕੁ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਮਕਾਨ ਕਿਰਾਏ ’ਤੇ ਲਿਆ ਸੀ ਅਤੇ ਉਹ ਪਹਿਲੀ ਮੰਜ਼ਲ ’ਤੇ ਚੁਬਾਰੇ ਵਿੱਚ ਰਹਿੰਦੇ ਸੀ। ਕਿਰਾਏਦਾਰ ਨੌਜਵਾਨਾਂ ਨੇ ਪਿੰਡ ਦੀ ਜੂਹ ਵਿੱਚ ਬਣੇ ਮਾਲ ਵਿੱਚ ਸਥਿਤ ਪੀਵੀਆਰ ਵਿੱਚ ਨੌਕਰੀ ਕਰਦੇ ਦੱਸਿਆ ਗਿਆ ਸੀ, ਪ੍ਰੰਤੂ ਅੱਜ ਦੇਰ ਸ਼ਾਮ ਜਦੋਂ ਚੁਬਾਰੇ ’ਚੋਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਹ ਘਰ ਤੋਂ ਬਾਹਰ ਆਏ ਤਾਂ ਦੇਖਿਆ ਕਿ ਗਲੀ ਵਿੱਚ ਪੁਲੀਸ ਹੀ ਪੁਲੀਸ ਖੜੀ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਮਕਾਨ ਮਾਲਕ ਨੂੰ ਆਪਣੇ ਕਿਰਾਏਦਾਰਾਂ ਦੇ ਨਾਂ ਤੱਕ ਪਤਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਨੂੰ ਦੀਪੂ ਕਹਿੰਦੇ ਸੀ ਉਸ ਦੇ ਸਾਥੀ। ਇਸ ਤੋਂ ਵੱਧ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਉਧਰ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਪਿਛਲੇ ਪੰਜ ਛੇ ਮਹੀਨੇ ਤੋਂ ਪਿੰਡ ਵਿੱਚ ਰਹਿ ਰਹੇ ਸੀ। ਪੁਲੀਸ ਨੇ ਤਿੰਨ ਨੌਜਵਾਨਾਂ ਦੀ ਪਛਾਣ ਰਮਨਦੀਪ ਸਿੰਘ, ਗੁਰਦੀਪ ਸਿੰਘ, ਸੁਖਦੀਪ ਸਿੰਘ ਵਜੋਂ ਹੋਈ ਹੈ। ਪੁਲੀਸ ਨੂੰ ਇਨ੍ਹਾਂ ਕੋਲੋਂ .32 ਬੋਰ ਦੇ ਦੋ ਪਿਸਤੌਲ ਅਤੇ ਕੁਝ ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਕਾਬੂ ਕੀਤੇ ਨੌਜਵਾਨਾਂ ਦੇ ਗੈਂਗਸਟਰ ਹੋਣ ਜਾਂ ਨਾ ਹੋਣ ਬਾਰੇ ਪੁਲੀਸ ਉਨ੍ਹਾਂ ਦੇ ਪਿਛੋਕੜ ਬਾਰੇ ਪਤਾ ਕਰ ਰਹੀ ਹੈ।
ਉਧਰ, ਸੂਤਰ ਇਹ ਵੀ ਦੱਸਦੇ ਹਨ ਕਿ ਗੋਗੀ ਦੇ ਚੁਬਾਰੇ ਵਿੱਚ ਰਹਿੰਦੇ ਨੌਜਵਾਨ ਪਟਿਆਲਾ ਦੇ ਵਸਨੀਕ ਦੱਸੇ ਜਾ ਰਹੇ ਹਨ। ਜਿਹੜੀ ਕੁੜੀ ਪੁਲੀਸ ਨੇ ਬਰਾਮਦ ਕੀਤੀ ਹੈ। ਉਸ ਨੂੰ ਇਨ੍ਹਾਂ ਨੇ ਅਸਲੇ ਦੀ ਨੋਕ ’ਤੇ ਕਥਿਤ ਤੌਰ ’ਤੇ ਅਗਵਾ ਕਰਕੇ ਇੱਥੇ ਰੱਖਿਆ ਹੋਇਆ ਸੀ। ਪਤਾ ਲੱਗਾ ਹੈ ਕਿ ਪੀੜਤ ਲੜਕੀ ਨੇ ਹੀ ਕਿਸੇ ਤਰ੍ਹਾਂ ਹਿੰਮਤ ਕਰਕੇ ਪੁਲੀਸ ਨੂੰ ਆਪਬੀਤੀ ਦੱਸੀ ਸੀ। ਲੜਕੀ ਦੀ ਸੂਚਨਾ ’ਤੇ ਪੁਲੀਸ ਬੱਲੋਮਾਜਰਾ ਵਿੱਚ ਪਹੁੰਚੀ ਅਤੇ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…