
ਯੂਥ ਆਫ਼ ਪੰਜਾਬ ਵੱਲੋਂ ਲੜੀਵਾਰ ਖੂਨਦਾਨ ਕੈਂਪ ਆਯੋਜਿਤ ਕਰਨ ਦਾ ਐਲਾਨ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਵੱਲੋਂ ਕਰੋਨਾਵਾਇਰਸ ਕਾਰਨ ਹਸਪਤਾਲਾਂ ਵਿੱਚ ਆ ਰਹੀ ਖੂਨ ਦੀ ਕਮੀ ਨੂੰ ਮੁੱਖ ਰੱਖਦਿਆ ਮੁਹਾਲੀ ਸਮੇਤ ਕਈ ਸ਼ਹਿਰਾਂ ਵਿੱਚ ਲੜੀਵਾਰ ਖੂਨਦਾਨ ਕੈਂਪ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਸੰਸਥਾ ਵੱਲੋਂ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸਦਾ ਮੁੱਖ ਏਜੰਡਾ ਖੂਨਦਾਨ ਕੈਂਪਾਂ ਨੂੰ ਲਗਾਉਣ ਲਈ ਵਿਉੱਤਬੱਧੀ ਤੈਅ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ 3 ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਜਿਨ੍ਹਾਂ ਵਿੱਚ ਭਲਕੇ 8 ਜੂਨ ਨੂੰ ਕੁਰਾਲੀ, 22 ਜੂਨ ਨੂੰ ਮਾਜਰੀ ਅਤੇ 29 ਜੂਨ ਨੂੰ ਮਟੌਰ ਮੁਹਾਲੀ ਵਿੱਚ ਖੂਨਦਾਨ ਕੈਂਪ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਇਹ ਕੈਂਪ ਪੀਜੀਆਈ ਦੇ ਸੀਨੀਅਰ ਡਾ. ਸਚਦੇਵਾ ਅਤੇ ਸੀਨੀਅਰ ਡਾ. ਸ਼ਰਮਾ ਦੀ ਟੀਮ ਦੀ ਦੇਖਰੇਖ ਹੇਠ ਲਗਾਏ ਜਾਣਗੇ।
ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਹੀ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਮਾਂਕਾਤ ਕਾਲੀਆ, ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਮੀਤ ਪ੍ਰਧਾਨ ਬੱਬੂ ਮੁਹਾਲੀ, ਚੀਫ਼ ਕੁਆਰਡੀਨੇਟਰ ਜੱਗੀ ਧਨੋਆ, ਪ੍ਰੈੱਸ ਸਕੱਤਰ ਕਾਕਾ ਰਣਜੀਤ, ਜਰਨਲ ਸਕੱਤਰ ਲੱਕੀ ਕਲਸੀ, ਸਕੱਤਰ ਅੰਮ੍ਰਿਤ ਜੌਲੀ, ਮਨੀਸ਼ ਮਾਜਰੀ, ਵਿਨੀਤ ਕਾਲੀਆ, ਨਰਿੰਦਰ ਵਤਸ, ਸਤਨਾਮ ਧੀਮਾਨ ਅਤੇ ਹੋਰ ਮੈਂਬਰ ਹਾਜ਼ਰ ਸਨ।