Nabaz-e-punjab.com

ਯੂਥ ਆਫ਼ ਪੰਜਾਬ ਵੱਲੋਂ ਹੜ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ

ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਨਿਗਰਾਨੀ ਹੇਠ ਵੱਖ ਵੱਖ-ਟੀਮਾਂ ਦਾ ਗਠਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਸਮਾਜਿਕ ਕੁਰੀਤੀਆਂ ਖ਼ਿਲਾਫ਼ ਕਾਰਜਸ਼ੀਲ ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਨੇ ਪਿਛਲੀ ਦਿਨੀਂ ਭਾਖੜਾ ਡੈਮ ਤੋਂ ਪਾਣੀ ਛੱਡਣ ਕਾਰਨ ਜ਼ਿਲ੍ਹਾ ਰੂਪਨਗਰ ਦੇ ਨੇੜਲੇ ਇਲਾਕਿਆਂ ਵਿੱਚ ਆਏ ਹੜ ਕਾਰਨ ਮਚੀ ਤਬਾਹੀ ਦਾ ਸੰਤਾਪ ਭੋਗ ਰਹੇ ਪੀੜਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਪ੍ਰਧਾਨਗੀ ਹੇਠ ਹੋਈ ਉੱਦਮੀ ਨੌਜਵਾਨਾਂ ਦੀ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਰਪ੍ਰਸਤ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਰਹਿਨੁਮਾਈ ਹੇਠ ਪ੍ਰਧਾਨ ਰਮਾਕਾਂਤ ਕਾਲੀਆ, ਮੀਤ ਪ੍ਰਧਾਨ ਬੱਬੂ ਮੁਹਾਲੀ, ਜਨਰਲ ਸਕੱਤਰ ਲੱਕੀ ਕਲਸੀ ਅਤੇ ਚੀਫ਼ ਕੋਆਰਡੀਨੇਟਰ ਸਰਪੰਚ ਜੱਗੀ ਧਨੋਆ ਦੀ ਅਗਵਾਈ ਵਿੱਚ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਹੜਾਂ ਦੀ ਮਾਰ ਝੱਲ ਰਹੇ ਪਿੰਡਾਂ ਵਿੱਚ ਜਾ ਕੇ ਘਰਾਂ ਦੀਆਂ ਸਫ਼ਾਈਆਂ ਦੇ ਕੰਮ ਵਿੱਚ ਮਦਦ ਕਰਨਗੀਆਂ।
ਸ੍ਰੀ ਬੈਦਵਾਨ ਨੇ ਕਿਹਾ ਕਿ ਸਰਕਾਰ ਖਾਣ ਪੀਣ ਰਸਦ ਅਤੇ ਜ਼ਰੂਰੀ ਦਵਾਈਆਂ ਦਾ ਪ੍ਰਬੰਧ ਤਾਂ ਕਰ ਰਹੀ ਹੈ ਪਰ ਜਿਹੜੇ ਘਰਾਂ ਵਿੱਚ ਪਾਣੀ ਨਿਕਲ ਗਿਆ ਹੈ। ਉਨ੍ਹਾਂ ਘਰਾਂ ਦੇ ਬਾਸ਼ਿੰਦੇ ਹਾਲੇ ਵੀ ਆਪਣੀਆਂ ਛੱਤਾਂ ਉੱਤੇ ਰਹਿਣ ਲਈ ਮਜਬੂਰ ਹਨ। ਇਨ੍ਹਾਂ ਘਰਾਂ ਵਿੱਚ ਯੂਥ ਆਫ਼ ਪੰਜਾਬ ਦੀਆਂ ਟੀਮਾਂ ਵੱਲੋਂ ਸਫ਼ਾਈ ਅਭਿਆਨ ਸ਼ੁਰੂ ਕੀਤਾ ਜਾਵੇ ਤਾਂ ਜੋ ਘਰਾਂ ਨੂੰ ਦੁਬਾਰਾ ਰਹਿਣਯੋਗ ਬਣਾਇਆ ਜਾ ਸਕੇ। ਉਨ੍ਹਾਂ ਨੇ ਹਰੇਕ ਨਾਗਰਿਕ ਨੂੰ ਅਜਿਹੇ ਸਮੇਂ ਵਿੱਚ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ।
ਸ੍ਰੀ ਬੈਦਵਾਨ ਨੇ ਕਿਹਾ ਕਿ ਪਾਣੀ ਛੱਡਣਾ ਸਰਕਾਰ ਦੀ ਮਜਬੂਰੀ ਸੀ ਪ੍ਰੰਤੂ ਭਵਿੱਖ ਵਿੱਚ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਹੇਠਲੇ ਇਲਾਕੇ ਵਾਲੇ ਲੋਕਾਂ ਨੂੰ ਤਿੰਨ ਤੋਂ ਚਾਰ ਦਿਨ ਪਹਿਲਾਂ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੁੱਖ ਜਾਹਰ ਕਰਦਿਆਂ ਕਿਹਾ ਕਿ ਕਈ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਕੋਲ ਖਾਣ ਪੀਣ ਲਈ ਰਸਦ ਛੱਡੋ ਸਰੀਰ ਢਕਣ ਲਈ ਕੱਪੜੇ ਵੀ ਨਹੀਂ ਬਚੇ। ਪਾਣੀ ਦੇ ਤੇਜ਼ ਵਹਾਅ ਨੇ ਨਵੇਂ ਬਣੇ ਮਕਾਨਾਂ ਦੀਆਂ ਨੀਂਹਾਂ ਕਮਜ਼ੋਰ ਕਰ ਦਿੱਤੀਆਂ ਹਨ। ਜਿਨ੍ਹਾਂ ਦੀ ਮੁਰੰਮਤ ਤੋਂ ਬਿਨਾਂ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਖ਼ਤਮ ਹੋਣ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਦੀਆਂ ਮੁਸੀਬਤਾਂ ਖ਼ਤਮ ਹੋਣ ਵਾਲੀਆਂ ਨਹੀਂ ਹਨ।
ਸੰਸਥਾ ਦੇ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਪਿੰਡਾਂ ਵਿੱਚ ਪਾਣੀ ਖ਼ਤਮ ਹੋ ਚੁੱਕਾ ਹੈ, ਉਨ੍ਹਾਂ ਪਿੰਡਾਂ ਨੂੰ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਕਿ ਪੀੜਤ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਰਾਹਤ ਮਿਲ ਸਕੇ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਅਪੀਲ ਕੀਤੀ ਕਿ ਹੜ ਪੀੜਤਾਂ ਲਈ ਜਲਦੀ ੇ ਵੱਧ ਤੋਂ ਵੱਧ ਰਾਹਤ ਪੈਕੇਜ ਐਲਾਨਿਆ ਜਾਵੇ ਅਤੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਯੂਥ ਆਫ਼ ਪੰਜਾਬ ਦੇ ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੁਹਾਲੀ, ਜਨਰਲ ਸਕੱਤਰ ਲੱਕੀ ਕਲਸੀ, ਚੀਫ਼ ਕੋਆਰਡੀਨੇਟਰ ਜੱਗੀ ਧਨੋਆ ਸਮੇਤ ਅੰਮ੍ਰਿਤ ਜੌਲੀ, ਵਿੱਕੀ ਮਨੌਲੀ, ਇੰਦਰਾ ਢਿੱਲੋਂ ਅਤੇ ਹੋਰ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Punjab Police to install 2300 CCTV cameras at 703 strategic locations in all border districts

Punjab Police to install 2300 CCTV cameras at 703 strategic locations in all border distri…