Nabaz-e-punjab.com

ਯੂਥ ਆਫ਼ ਪੰਜਾਬ ਵੱਲੋਂਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਮੋਮਬੱਤੀ ਮਾਰਚ

ਭਾਰਤੀ ਫੌਜ ਵਿੱਚ ਸਿੱਖ ਨੌਜਵਾਨਾਂ ਦੀ ਲਗਾਤਾਰ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ: ਬੈਦਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਵੱਲੋਂ ਜਥੇਬੰਦੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ। ਮਟੌਰ ਮੰਦਰ ਵਿੱਚ ਪਾਰੇ ਦਾ ਸ਼ਿਵਲਿੰਗ ਸਥਾਪਿਤ ਕਰਨ ਵਾਲੇ ਸਮਾਜ ਸੇਵੀ ਆਸ਼ਾ ਬਾਂਸਲ ਅਤੇ ਮਹਿਲਾ ਮੰਡਲ ਦੇ ਸਹਿਯੋਗ ਨਾਲ ਕੱਢਿਆ ਗਿਆ ਇਹ ਮੋਮਬੱਤੀ ਮਾਰਚ ਇੱਥੋਂ ਦੇ ਸੈਕਟਰ-70 ਤੋਂ ਸ਼ੁਰੂ ਹੋ ਕੇ ਬਾਬਾ ਬਾਲ ਭਾਰਤੀ ਸ਼ਿਵ ਮੰਦਰ ਮਟੌਰ ਵਿੱਚ ਪਹੁੰਚ ਕੇ ਸੰਪੂਰਨ ਹੋਇਆ। ਮਾਰਚ ਦੀ ਸਮਾਪਤੀ ਵੇਲੇ ਸ਼ਿਵ ਮੰਦਰ ਮਟੌਰ ਵਿੱਚ ਮੋਮਬੱਤੀਆਂ ਜਗਾ ਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਬੋਲਦਿਆਂ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਗੁਆਂਢੀ ਮੁਲਕ ਨੇ ਧੋਖੇ ਨਾਲ ਸਾਡੇ ਸੈਨਿਕਾਂ ਨੂੰ ਸ਼ਹੀਦ ਕੀਤਾ ਗਿਆ ਸੀ, ਕਿਉਂਕਿ ਪਾਕਿਸਤਾਨ ਵਿੱਚ ਏਨੀ ਹਿੰਮਤ ਨਹੀਂ ਹੈ ਕਿ ਉਹ ਭਾਰਤੀ ਫੌਜ ਦਾ ਸਾਹਮਣੇ ਤੋਂ ਮੁਕਾਬਲਾ ਕਰ ਸਕੇ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਅਤਿਵਾਦੀਆਂ ਨੇ ਹਮੇਸ਼ਾ ਹੀ ਪਿੱਛੋਂ ਵਾਰ ਕੀਤਾ ਹੈ। ਉਨ੍ਹਾਂ ਭਾਰਤੀ ਫੌਜ ਵਿੱਚ ਸਿੱਖ ਨੌਜਵਾਨਾਂ ਦੀ ਲਗਾਤਾਰ ਘੱਟ ਰਹੀ ਗਿਣਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਦਾ ਪ੍ਰਣ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਫੌਜ ਦੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਅਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪੁਲਵਾਮਾ ਹਮਲੇ ਵਾਲੇ ਦਿਨ ਸ਼ਹੀਦ ਹੋਏ ਸ਼ਹੀਦਾਂ ਦੇ ਨਾਵਾਂ ’ਤੇ ਸੂਬੇ ਵਿੱਚ ਯਾਦਗਾਰਾਂ ਬਣਾਈਆਂ ਜਾਣ ਅਤੇ ਇਸ ਦਿਨ ਨੂੰ ਸ਼ਹੀਦੀ ਦਿਨ ਵਜੋਂ ਮਨਾਉਣ ਦਾ ਸਰਕਾਰ ਤੌਰ ’ਤੇ ਐਲਾਨ ਕੀਤਾ ਜਾਵੇ। ਹੋਰਨਾਂ ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੁਲਵਾਮਾ ਹਮਲੇ ਲਈ ਜ਼ਿੰਮੇਵਾਰ ਅਤਿਵਾਦੀ ਸੰਗਠਨ ਅਤੇ ਉਨ੍ਹਾਂ ਦੇ ਆਕਾਵਾਂ ਸਮੇਤ ਇਸ ਸਾਜ਼ਿਸ਼ ਵਿੱਚ ਸ਼ਾਮਲ ਹਰੇਕ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਜੀਤ ਸਿੰਘ ਮਟੌਰ, ਅਮਰਨਾਥ, ਰਵੀ ਅਰੋੜਾ, ਇਸ਼ਾਂਤ ਮੁਹਾਲੀ, ਜੰਗ ਬਹਾਦਰ, ਕੁਲਦੀਪ ਚੰਦ, ਰਾਮੇਸ਼ਵਰ ਸੂਦ ਅਤੇ ਆਸ਼ਾ ਬਾਂਸਲ ਤੇ ਅੰਜੂ ਦੇਵੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…