ਸੜਕ ਹਾਦਸੇ ’ਚ ਨੌਜਵਾਨ ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ, ਮੁਹਾਲੀ, 28 ਜੁਲਾਈ:
ਇੱਥੋਂ ਦੇ ਟੀਡੀਆਈ ਸਿਟੀ ਨੇੜੇ ਲੰਘੀ ਦੇਰ ਰਾਤ ਸੜਕ ਹਾਦਸੇ ਵਿੱਚ ਗੁਰਇਕਬਾਲ ਸਿੰਘ ਨਾਂਅ ਦਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਹ ਚਾਵਲਾ ਰੈਸਟੋਰੈਂਟ ਖਰੜ ਵਿੱਚ ਮੈਨੇਜਰ ਕੰਮ ਕਰਦਾ ਸੀ ਅਤੇ ਰਾਤ ਕਰੀਬ ਡੇਢ ਵਜੇ ਡਿਊਟੀ ਖ਼ਤਮ ਕਰਕੇ ਮੋਟਰ ਸਾਈਕਲ ’ਤੇ ਆਪਣੇ ਘਰ ਪਰਤ ਰਿਹਾ ਸੀ ਕਿ ਇਸ ਦੌਰਾਨ ਟੀਡੀਆਈ ਨੇੜੇ ਉਸ ਨੂੰ ਤੇਜ ਰਫ਼ਤਾਰ ਸਵਿਫ਼ਟ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਉਹ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ। ਕਰੀਬੀ ਲੋਕਾਂ ਨੇ ਦੱਸਿਆ ਕਿ ਗੁਰਇਕਬਾਲ ਆਪਣੀ ਡਿਊਟੀ ਖ਼ਤਮ ਕਰਕੇ ਮੋਟਰ ਸਾਈਕਲ ’ਤੇ ਘਰ ਆ ਰਿਹਾ ਸੀ ਜਦੋਂ ਸ਼ਰਾਬੀ ਹਾਲਤ ਵਿੱਚ ਇੱਕ ਪੁਲੀਸ ਮੁਲਾਜ਼ਮ ਨੇ ਉਸ ਨੂੰ ਆਪਣੀ ਸਵਿਫ਼ਟ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਨੌਜਵਾਨ ਦੀਆਂ ਦੋਵੇਂ ਲੱਤਾਂ, ਇੱਕ ਬਾਂਹ ਅਤੇ ਚੂਲੇ ਵਿੱਚ ਫਰੈਕਚਰ ਆਇਆ ਹੈ। ਪੀੜਤ ਨੌਜਵਾਨਾਂ ਦੇ ਜਾਣਕਾਰਾਂ ਨੇ ਦੱਸਿਆ ਕਿ ਗਗਨਦੀਪ ਨੂੰ ਟੱਕਰ ਮਾਰਨ ਵਾਲੀ ਕਾਰ ਨੂੰ ਪੁਲੀਸ ਮੁਲਾਜ਼ਮ ਚਲਾ ਰਿਹਾ ਸੀ, ਜੋ ਸੰਗਰੂਰ ਵਿੱਚ ਤਾਇਨਾਤ ਹੈ ਅਤੇ ਉਹ ਸ਼ਰਾਬੀ ਹਾਲਤ ਵਿੱਚ ਸੀ ਪ੍ਰੰਤੂ ਮੌਕੇ ’ਤੇ ਪਹੁੰਚੇ ਪੁਲੀਸ ਕਰਮਚਾਰੀਆਂ ਨੇ ਉਸ ਦਾ ਮੈਡੀਕਲ ਵੀ ਨਹੀਂ ਕਰਵਾਇਆ। ਇਹੀ ਨਹੀਂ ਪੁਲੀਸ ਵੱਲੋਂ ਕਾਰ ਚਾਲਕ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਥਾਂ ਪੀੜਤ ਪਰਿਵਾਰ ’ਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ।
ਉਧਰ, ਬਲੌਂਗੀ ਥਾਣਾ ਦੇ ਐਸਐਚਓ ਪੈਰੀਵਿੰਕਲ ਗਰੇਵਾਲ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਨ ਅਤੇ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles

Check Also

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ ਬਾਜਵਾ ਨੇ ਆਪਣੇ ਵਕ…