ਬਲੌਂਗੀ ਵਿੱਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ, ਪੰਜ ਗ੍ਰਿਫ਼ਤਾਰ
ਨਬਜ਼-ਏ-ਪੰਜਾਬ, ਮੁਹਾਲੀ, 15 ਮਾਰਚ:
ਮੁਹਾਲੀ ਦੀ ਜੂਹ ਵਿੱਚ ਬਲੌਂਗੀ ਵਿਖੇ ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ 17 ਸਾਲਾਂ ਆਕਾਸ਼ ਦਾ ਚਾਕੂ ਮਾਰ ਕੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਘਟਨਾ ਬੀਤੇ ਕੱਲ੍ਹ ਦੁਪਹਿਰ ਇੱਕ ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਦੋ ਦਿਨ ਪਹਿਲਾਂ ਵੀ ਕੁੱਝ ਮੁੰਡਿਆਂ ਦਾ ਆਕਾਸ਼ ਨਾਲ ਝਗੜਾ ਹੋਇਆ ਸੀ। ਜਿਸ ਦੀ ਰੰਜਸ਼ ਦੇ ਚੱਲਦਿਆਂ ਆਕਾਸ਼ ਦਾ ਮਿੱਥ ਕੇ ਕਤਲ ਕੀਤਾ ਗਿਆ।
ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਪਾਣੀ ਦੀ ਟੈਂਕੀ ਨੇੜੇ ਆਕਾਸ਼ ਦੀ ਪਿੱਠ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਜ਼ਖ਼ਮੀ ਹਾਲਤ ਵਿੱਚ ਆਕਾਸ਼ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਕੁੱਝ ਹੀ ਦੂਰੀ ’ਤੇ ਸੜਕ ’ਤੇ ਡਿੱਗ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਂਜ ਪਰਿਵਾਰ ਵਾਲੇ ਉਸ ਨੂੰ ਲੈ ਕੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲੈ ਗਏ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬਲੌਂਗੀ ਥਾਣਾ ਦੇ ਐਸਐਚਓ ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਪਰਚ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਨਾਬਾਲਗ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।