nabaz-e-punjab.com

ਆਪ ਵਾਲੰਟੀਅਰਾਂ ਵੱਲੋਂ ਮੁਹਾਲੀ ਵਿੱਚ ਨਸ਼ਿਆਂ ਦੇ ਖ਼ਿਲਾਫ਼ ਵਿਸ਼ਾਲ ਚੇਨਤਾ ਮਾਰਚ

ਕੈਪਟਨ ਸਰਕਾਰ ਫੇਲ੍ਹ ਕਰਾਰ, ਲੋਕ ਮਿਲ ਕੇ ਨਸਾ ਮਾਫ਼ੀਆ ਦਾ ਲੱਕ ਤੋੜਨ ਲਈ ਅੱਗੇ ਆਉਣ: ਡਾ. ਬਲਬੀਰ ਸਿੰਘ
ਪੰਚਾਇਤੀ ਚੋਣਾਂ ਵਿੱਚ ਨਸ਼ਾ ਵੰਡਣ ਵਾਲਿਆਂ ਨੂੰ ਮੂੰਹ ਨਾ ਲਾਉਣ ਲੋਕ: ਨਰਿੰਦਰ ਸ਼ੇਰਗਿੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਵਿਧਾਨ ਸਭਾ ਹਲਕਾ ਮੁਹਾਲੀ ਇਕਾਈ ਵੱਲੋਂ ਅੱਜ ਸੂਬੇ ਅੰਦਰ ਨਸ਼ਿਆਂ ਨਾਲ ਤਬਾਹ ਹੋ ਰਹੀ ਜਵਾਨੀ ਨੂੰ ਬਚਾਉਣ ਅਤੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਪੈਦਲ ਮਾਰਚ ਕੀਤਾ। ਹਲਕਾ ਪ੍ਰਧਾਨ ਅਤੇ ਨਵ ਨਿਯੁਕਤ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿੱਚ ਆਯੋਜਿਤ ਇਸ ਪੈਦਲ ਜਾਗ੍ਰਿਤੀ ਮਾਰਚ ‘ਚ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ, ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਰਾਜ ਲਾਲੀ ਗਿੱਲ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ, ਯੂਥ ਆਗੂ ਨਵਜੋਤ ਸਿੰਘ ਡੇਰਾਬੱਸੀ, ਬਲਵਿੰਦਰ ਕੌਰ ਧਨੋੜਾ ਅਤੇ ਸੂਬਾ ਪੱਧਰੀ ਆਗੂ ਜਰਨੈਲ ਮੰਨੂ ਨੇ ਉਚੇਚੇ ਤੌਰ ‘ਤੇ ਸੰਬੋਧਨ ਕੀਤਾ। ਨਸ਼ਿਆਂ ਖ਼ਿਲਾਫ਼ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਫੇਜ਼-3 ਅਤੇ ਫੇਜ਼-5 ਟਰੈਫ਼ਿਕ ਲਾਈਟਾਂ ਤੋਂ ਸ਼ੁਰੂ ਹੋਇਆ ਇਹ ਜਨ ਚੇਤਨਾ ਪੈਦਲ ਮਾਰਚ ਫੇਜ਼-7 ਦੀਆਂ ਲਾਈਟਾਂ ’ਤੇ ਮੋਮਬਤੀਆਂ ਰੌਸ਼ਨ ਕਰ ਕੇ ਖ਼ਤਮ ਹੋਇਆ।
ਇਸ ਲੋਕ ਚੇਤਨਾ ਮਾਰਚ ਨੂੰ ਸੰਬੋਧਨ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਨਸ਼ਿਆਂ ਦੀ ਹੇਠਾਂ ਤੋਂ ਉੱਤੇ ਤੱਕ ਸਪਲਾਈ ਚੇਨ ਨਹੀਂ ਤੋੜੀ ਜਾਂਦੀ ਉਨ੍ਹਾਂ ਚਿਰ ਸਾਰੀ ਦਿਖਾਵੇ ਬਾਜ਼ੀ ਬੇਕਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਪਾਰਟੀ ਦਾ ਉੱਚ ਪੱਧਰੀ ਵਫ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਿਆਂ ਬਾਰੇ ਜ਼ਮੀਨੀ ਹਕੀਕਤ ਅਤੇ ਇਸ ਦੇ ਹੱਲ ਲਈ ਕਾਫ਼ੀ ਸੁਝਾਅ ਅਤੇ ਸਹਿਯੋਗ ਦਾ ਭਰੋਸਾ ਦੇ ਕੇ ਆਈ ਹੈ ਪਰ ਸਰਕਾਰ ਵੱਲੋਂ ਫ਼ੌਰੀ ਕਦਮ ਚੁੱਕਣ ਵਿੱਚ ਦੇਰੀ ਕਾਰਨ ਹਰ ਰੋਜ਼ ਗੱਭਰੂ-ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਹਨ। ਉਨ੍ਹਾਂ ਸਮੁੱਚੇ ਸਮਾਜ ਅਤੇ ਧਾਰਮਿਕ-ਸਮਾਜਿਕ ਸੰਗਠਨਾਂ ਨੂੰ ਨਸ਼ਿਆਂ ਖ਼ਿਲਾਫ਼ ਇਸ ਜੰਗ ਵਿੱਚ ਖ਼ੁਦ ਡਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਨਾਲ ਮਰੀਜ਼ਾਂ ਵਾਲਾ ਸਲੂਕ ਅਤੇ ਨਸ਼ਾ ਵੇਚਣ ਤੇ ਸਪਲਾਈ ਕਰਨ ਵਾਲਿਆਂ ਵਿਰੁੱਧ ਖੁੱਲ੍ਹ ਕੇ ਸਾਹਮਣੇ ਆਇਆ ਜਾਵੇ। ਪੁਲਿਸ ਅਤੇ ਸਰਕਾਰ ਨੂੰ ਨਸ਼ਿਆਂ ਦੇ ਤਸਕਰਾਂ ਦੀਆਂ ਸੂਚੀਆਂ ਪੇਸ਼ ਕਰ ਕੇ ਕਾਰਵਾਈ ਲਈ ਮਜਬੂਰ ਕੀਤਾ ਜਾਵੇ। ਆਮ ਆਦਮੀ ਪਾਰਟੀ ਅਜਿਹੀ ਹਰ ਗਤੀਵਿਧੀ ਦਾ ਰਾਜਨੀਤੀ ਤੋਂ ਉੱਤੇ ਉੱਠ ਕੇ ਸਾਥ ਦੇਵੇਗੀ। ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਜਿੰਨਾ ਚਿਰ ਅਸੀਂ ਲੋਕ ਨਸ਼ਾ ਮਾਫ਼ੀਆ ਵਿਰੁੱਧ ਖੜੇ ਨਹੀਂ ਹੁੰਦੇ ਉਨ੍ਹਾਂ ਚਿਰ ਪੁਲਸ ਅਤੇ ਸਿਆਸੀ ਛਤਰ ਛਾਇਆ ਥੱਲੇ ਚੱਲਦੇ ਇਸ ਨਾਪਾਕ ਗੱਠਜੋੜ ਦਾ ਲੱਕ ਨਹੀਂ ਟੁੱਟੇਗਾ।
ਨਰਿੰਦਰ ਸਿੰਘ ਸ਼ੇਰਗਿੱਲ ਨੇ ਆਗਾਮੀ ਪੰਚਾਇਤ ਚੋਣਾਂ ਨੂੰ ਨਸ਼ਾ ਰਹਿਤ ਬਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪਿੰਡਾਂ ਦੇ ਲੋਕ ਬੋਰਡ ਲਿਖ ਕੇ ਫ਼ੈਸਲਾ ਕਰਨ ਕਿ ਨਸ਼ਾ ਅਤੇ ਨਸ਼ੇ ਲਈ ਪੈਸਾ ਵੰਡਣ ਵਾਲੇ ਉਮੀਦਵਾਰਾਂ ਤੇ ਪਾਰਟੀਆਂ ਨੂੰ ਵੋਟਾਂ ਨਹੀਂ ਪਾਉਣਗੇ। ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਹੱਥ ‘ਚ ਫੜਕੇ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਬਾਦਲ ਸਰਕਾਰ ਦੀ ਸਰਪ੍ਰਸਤੀ ਥੱਲੇ ‘ਹੋਮ ਡਿਲਿਵਰੀ ਤੱਕ ਪਹੁੰਚੀ ਨਸ਼ਿਆਂ ਦੀ ਬਿਮਾਰੀ ਨੂੰ ਰੋਕਣ ‘ਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਕਿਉਂਕਿ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ‘ਚ ਪੁਲਸ ਅਤੇ ਸਿਆਸੀ ਰਸੂਖਦਾਰਾਂ ਦਾ ਮਾਫ਼ੀਆ ਸਿੱਧੇ ਤੌਰ ‘ਤੇ ਸ਼ਾਮਲ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਮਾਫ਼ੀਆ ਨੂੰ ਹੱਥ ਪਾਉਣ ਲਈ ਲੋੜੀਂਦੀ ਇੱਛਾ ਸ਼ਕਤੀ ਨਹੀਂ ਦਿਖਾ ਰਹੇ।
ਇਸ ਮੌਕੇ ਐਕਸ ਸਰਵਿਸ ਵਿੰਗ ਦੇ ਉਪ ਪ੍ਰਧਾਨ ਕਮਾਡੈਂਟ ਮਨਜੀਤ ਸਿੰਘ ਘੁੰਮਣ, ਪਟਿਆਲਾ ਦਿਹਾਤੀ ਦੇ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ, ਪਾਰਟੀ ਦੇ ਬੁਲਾਰੇ ਗੋਬਿੰਦਰ ਮਿੱਤਲ, ਮੁਹਾਲੀ ਸ਼ਹਿਰੀ ਦੇ ਉਪ ਪ੍ਰਧਾਨ ਦਿਲਾਵਰ ਸਿੰਘ, ਯੂਥ ਆਗੂ ਹਰਮਨ ਹੁੰਦਲ, ਆਈਟੀ ਵਿੰਗ ਦੇ ਮੈਂਬਰ ਮੈਡਮ ਪ੍ਰਭਜੋਤ ਕੌਰ, ਮਹਿਲਾ ਆਗੂ ਅੰਨੂ ਬੱਬਰ, ਗੁਰਤੇਜ ਸਿੰਘ ਕਾਹਲੋਂ, ਹਰੀਸ਼ ਕੌਸ਼ਲ, ਮੈਡਮ ਕਸ਼ਮੀਰ ਕੌਰ ਅਤੇ ਹੋਰ ਆਗੂ ਅਤੇ ਵੱਡੀ ਗਿਣਤੀ ਵਿੱਚ ਵਲੰਟੀਅਰ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…