ਖੇਤੀ ਕਾਨੂੰਨ: ਚੱਪੜਚਿੜੀ ਦੇ ਮੈਦਾਨ ਵਿੱਚ ਮੋਦੀ ਸਰਕਾਰ ਖ਼ਿਲਾਫ਼ ਗਰਜੇ ਨੌਜਵਾਨ ਤੇ ਕਿਸਾਨ

ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਵੇਕੇਂਦਰ ਸਰਕਾਰ: ਮੇਹਰ ਸਿੰਘ ਥੇੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਨੌਜਵਾਨ ਕਿਸਾਨ ਏਕਤਾ ਮੁਹਾਲੀ ਦੇ ਆਗੂਆਂ ਪ੍ਰਤੀਕ ਸਿੰਘ ਮਾਣ, ਹਰਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਸਥਿਤ ਜੰਗੀ ਯਾਦਗਾਰ ਨੇੜੇ ਵਿਖੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਮਹਾਂ ਰੈਲੀ ਕੀਤੀ ਗਈ। ਜਿਸ ਵਿੱਚ ਅੰਤਰਰਾਸ਼ਟਰੀ ਪੁਆਧੀ ਸਭਾ, ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ, ਕਿਸਾਨ ਵੈੱਲਫੇਅਰ ਸੁਸਾਇਟੀ ਪੰਜਾਬ, ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ, ਮੁਹਾਲੀ ਇੰਡਸਟਰੀ ਐਸੋਸੀਏਸ਼ਨ, ਬਾਬਾ ਗਾਜ਼ੀਦਾਸ ਜੀ ਕਲੱਬ, ਯੂਨਾਈਟਿਡ ਸਿੱਖ, ਪੌੜੀਵਾਦੀ ਮੰਚ, ਮੁਹਾਲੀ ਡਿਵੈਲਪਮੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਨਾਨਕ ਹੱਟ ਵਰਗੇ ਸਮਾਜਿਕ ਸੰਗਠਨਾਂ ਦੇ ਕਾਰਕੁਨਾਂ ਸਮੇਤ ਇਲਾਕੇ ਦੇ ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਦੇਰ ਸ਼ਾਮ ਤੱਕ ਚੱਲੀ ਇਸ ਕਿਸਾਨ ਰੈਲੀ ਵਿੱਚ ਪਿੰਡਾਂ ’ਚੋਂ ਨੌਜਵਾਨ, ਕਿਸਾਨ ਅਤੇ ਕਿਸਾਨ ਬੀਬੀਆਂ ਨੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਕੇ ਕਿਸਾਨ, ਮਜ਼ਦੂਰ ਏਕਤਾ ਦਾ ਸਬੂਤ ਦਿੱਤਾ। ਸੜਕ ਤੋਂ ਲੰਘ ਰਹੇ ਰਾਹਗੀਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਆਪਣੀ ਹਾਜ਼ਰੀ ਲਗਵਾਈ। ਨੌਜਵਾਨ ਬੁਲਾਰਿਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਖੋ-ਵੱਖਰੇ ਬੈਨਰਾਂ ਦੀ ਥਾਂ ਇਕ ਝੰਡੇ ਹੇਠ ਸੰਘਰਸ਼ ਵਿੱਢਿਆ ਜਾਵੇ। ਇਸ ਦੌਰਾਨ ਗੀਤ ਦੀ ਪੇਸ਼ਕਾਰੀ ਰਾਹੀਂ ਕਿਸਾਨੀ ਸੰਘਰਸ਼ ਦੌਰਾਨ ਜੇਲ੍ਹਾਂ ਵਿੱਚ ਡੱਕੇ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਇਹ ਲੜਾਈ ਖ਼ਤਮ ਹੋਣ ਵਾਲੀ ਨਹੀਂ ਹੈ, ਸਗੋਂ ਸਾਡੀ ਜ਼ਿੰਮੇਵਾਰੀ ਹੋ ਜ਼ਿਆਦਾ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਇਕਜੁੱਟ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਜ਼ਮੀਨਾਂ ’ਤੇ ਖੇਤੀ ਨਹੀਂ ਬਲਕਿ ਫਲੈਟਾਂ ਤੇ ਵੱਡੀਆਂ ਇਮਾਰਤਾਂ ਦੀਆਂ ਉਸਾਰੀਆਂ ਹੋਣਗੀਆਂ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਸੰਘਰਸ਼ ਬਹੁਤ ਲੰਮਾ ਚੱਲਣ ਵਾਲਾ ਹੈ, ਇਸ ਲਈ ਇਸ ਨੂੰ ਤਾਕਤ ਅਤੇ ਠਰੰ੍ਹਮੇ ਨਾਲ ਲੜਨ ਦੀ ਲੋੜ ਹੈ। ਕਿਸਾਨਾਂ ਅਤੇ ਹੱਕਾਂ ਦੀ ਲੜਾਈ ਤਾਂ ਨੌਜਵਾਨਾਂ ਨੇ ਹੀ ਲੜਨੀ ਹੈ। ਕਾਨੂੰਨ ਸਾਰਾ ਹੀ ਕਾਲਾ ਹੈ। ਇਸ ਨੂੰ ਸਾਜ਼ਿਸ਼ ਤਹਿਤ ਅਜਿਹੇ ਢੰਗ ਨਾਲ ਲਿਆਂਦਾ ਗਿਆ ਹੈ ਕਿ ਕਿਸਾਨਾਂ ਤੋਂ ਜ਼ਮੀਨ ਕਿਵੇਂ ਖੋਹਣੀ ਹੈ। ਇਹ ਇਕੱਲੇ ਪੰਜਾਬ ਦੀ ਲੜਾਈ ਨਹੀਂ ਹੈ, ਬਲਕਿ ਪੂਰੇ ਦੇਸ਼ ਨੂੰ ਇਕਜੁੱਟ ਹੋ ਕੇ ਲੜਨਾ ਪਵੇਗਾ। ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਗੁਰਪ੍ਰੀਤ ਘੁੱਗੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਜਪਾ ਨੂੰ ਸਤਾ ਨੂੰ ਲਾਂਭੇ ਕਰਨ ਦੀ ਅਪੀਲ ਕਰਦਿਆਂ ਕਿਸਾਨ ਮਜ਼ਦੂਰ ਏਕਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਖਰੀ ਸਾਹ ਤੱਕ ਹੱਕਾਂ ਦੀ ਲੜਾਈ ਲੜੀ ਜਾਵੇਗੀ।
ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਆਗੂ ਕਨੂ ਪ੍ਰਿਆ ਨੇ ਕਿਹਾ ਕਿ ਚੰਡੀਗੜ੍ਹ ਨੂੰ ਪੱਥਰਾਂ ਦਾ ਸ਼ਹਿਰ ਕਿਹਾ ਜਾਂਦਾ ਸੀ ਪ੍ਰੰਤੂ ਇੱਥੋਂ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਨੇ ਦੇਸ਼ ਦੇ ਹੁਕਮਰਾਨਾਂ ਨੂੰ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਈ ਜਾਵੇ ਬਲਕਿ ਕਿਸਾਨ ਵਿਰੋਧੀ ਤਿੰਨੇ ਕਾਲੇ ਖੇਤੀ ਕਾਨੂੰਨ ਮੁੱਢੋਂ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੁਣ ਇਹ ਭੁੱਲ ਜਾਵੇ ਕਿ ਕਿਸਾਨ ਥੱਕ ਹਾਰ ਕੇ ਖਾਲੀ ਹੱਥ ਆਪਣੇ ਘਰਾਂ ਨੂੰ ਪਰਤ ਜਾਣਗੇ ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ ਅਤੇ ਹੁਣ ਤਾਂ ਬੀਬੀਆਂ ਵੀ ਆਪਣੇ ਘਰ ਰੱਬ ਆਸਰੇ ਛੱਡ ਕੇ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੀਆਂ ਹਨ ਅਤੇ ਨੌਜਵਾਨ ਵੀ ਲਗਾਤਾਰ ਮੋਰਚਾ ਸੰਭਾਲੇ ਹੋਏ ਹਨ।
ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ, ਗੁਰਨਾਮ ਸਿੰਘ ਦਾਊਂ ਅਤੇ ਅੰਤਰਰਾਸ਼ਟਰੀ ਪੁਆਧੀ ਸਭਾ ਦੇ ਕਾਰਕੁਨ ਗੁਰਪ੍ਰੀਤ ਸਿੰਘ ਨਿਆਮੀਆਂ, ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਕੁਲਵੰਤ ਸਿੰਘ ਤ੍ਰਿਪੜੀ, ਦਵਿੰਦਰ ਸਿੰਘ ਬਾਜਵਾ, ਨਰਿੰਦਰ ਸਿੰਘ ਕੰਗ, ਕਿਰਪਾਲ ਸਿੰਘ ਸਿਆਊ, ਜੋਰਾ ਸਿੰਘ ਭੁੱਲਰ ਚੱਪੜਚਿੜੀ, ਹਰਦੀਪ ਸਿੰਘ ਬਠਲਾਣਾ, ਜਸਪਾਲ ਸਿੰਘ ਨਿਆਮੀਆਂ, ਡਾ. ਕਰਮਜੀਤ ਸਿੰਘ ਚਿੱਲਾ, ਹਰਪਾਲ ਸਿੰਘ ਦਾਤਾਰਪੁਰ, ਅਮਨਦੀਪ ਸਿੰਘ ਅਮਨ ਸਮੇਤ ਹੋਰ ਪ੍ਰਮੁੱਖ ਆਗੂ ਮੰਚ ’ਤੇ ਅਤੇ ਪੰਡਾਲ ਵਿੱਚ ਸੁਸ਼ੋਭਿਵ ਸਨ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…