ਨੌਜਵਾਨ ਦੀ ਮੌਤ: ਕੋਈ ਨਹੀਂ ਸੁਣ ਰਿਹਾ ਪੀੜਤ ਵਿਧਵਾ ਦੀ ਫਰਿਆਦ

ਸਿਆਸੀ ਦਬਾਅ ਕਾਰਨ ਕਿਸੇ ਕੰਢੇ ਨਹੀਂ ਲੱਗੀ ਪੁਲੀਸ ਦੀ ਪੜਤਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਪਿੰਡ ਮਿਲਖ (ਮੁਹਾਲੀ) ਦੀ ਭਰ ਜਵਾਨੀ ਵਿੱਚ ਵਿਧਵਾ ਹੋਈ ਮੁਟਿਆਰ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੀ ਹੈ ਲੇਕਿਨ ਉਸ ਦੀ ਕੋਈ ਫਰਿਆਦ ਨਹੀਂ ਸੁਣ ਰਿਹਾ। ਪੀੜਤ ਪਰਿਵਾਰ ਅਨੁਸਾਰ ਸਿਆਸੀ ਦਬਾਅ ਕਾਰਨ ਪੁਲੀਸ ਦੀ ਜਾਂਚ ਵੀ ਅਜੇ ਤਾਈਂ ਕਿਸੇ ਕੰਢੇ ਨਹੀਂ ਲੱਗੀ ਹੈ। ਗੁਰਦੁਆਰਾ ਸਿੰਘ ਸਭਾ ਫੇਜ਼-11 ਵਿੱਚ ਰਹਿ ਰਹੀ ਪੀੜਤ ਲੜਕੀ ਜਸਪ੍ਰੀਤ ਕੌਰ (23) ਨੇ ਦੱਸਿਆ ਕਿ ਉਸ ਦੇ ਪਤੀ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੀ ਬੀਤੀ 28 ਅਗਸਤ ਨੂੰ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਦਿਉਰ ਨੇ ਉਸ ਨੂੰ ਦੱਸਿਆ ਕਿ ਗੁਰੀ ਨੇ ਆਤਮ ਹੱਤਿਆ ਕਰ ਲਈ ਹੈ ਅਤੇ ਬਾਅਦ ਦੁਪਹਿਰ ਕਰੀਬ ਢਾਈ ਵਜੇ ਉਸ ਨੂੰ ਜਲਦੀ ਆਉਣ ਲਈ ਕਿਹਾ ਗਿਆ। ਜਸਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਨਾਲ ਅੱਧੇ ਘੰਟੇ ਦੇ ਅੰਦਰ-ਅੰਦਰ ਪਿੰਡ ਕੁਰੜੀ ਪਹੁੰਚ ਗਏ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸਹੁਰਾ ਪਰਿਵਾਰ ਨੇ ਜਲਦਬਾਜ਼ੀ ਵਿੱਚ ਗੁਰੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ।
ਇਹੀ ਨਹੀਂ ਜਦੋਂ ਕੁੱਝ ਰਿਸ਼ਤੇਦਾਰ ਅਤੇ ਹੋਰ ਸੱਜਣ ਫੁੱਲ ਪਾਉਣ ਲਈ ਕੀਰਤਪੁਰ ਸਾਹਿਬ ਗਏ ਤਾਂ ਉਨ੍ਹਾਂ ਦੇ ਪਿੱਛੋਂ ਪਾਠ ਕਰਵਾ ਕੇ ਭੋਗ ਵੀ ਪਾ ਦਿੱਤਾ ਗਿਆ। ਪੀੜਤ ਲੜਕੀ ਅਤੇ ਉਸ ਦੇ ਪਰਿਵਾਰ ਨੇ ਨੌਜਵਾਨ ਦਾ ਕਤਲ ਕਰਨ ਦਾ ਖ਼ਦਸ਼ਾ ਜਾਹਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਤੀ 30 ਅਗਸਤ ਨੂੰ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ਲੇਕਿਨ ਸਿਆਸੀ ਦਬਾਅ ਪੈਣ ਕਾਰਨ ਪੁਲੀਸ ਕਾਰਵਾਈ ਤੋਂ ਭੱਜ ਰਹੀ ਹੈ।
ਪੀੜਤ ਲੜਕੀ ਦੇ ਪਿਤਾ ਗਿਆਨੀ ਗੁਰਦੇਵ ਸਿੰਘ ਨੇ ਦੱਸਿਆ ਕਿ ਹੁਕਮਰਾਨ ਪਾਰਟੀ ਦਾ ਦਬਾਅ ਪੈਣ ਕਾਰਨ ਪੁਲੀਸ ਦੀ ਜਾਂਚ ਕਿਸੇ ਕੰਢੇ ਨਹੀਂ ਲੱਗੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾਣ ਤਾਂ ਸਚਾਈ ਸਾਹਮਣੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਬੇਟੀ ਭਰ ਜਵਾਨੀ ਵਿੱਚ ਵਿਧਵਾ ਹੋ ਗਈ ਹੈ ਅਤੇ ਹੁਣ ਸਹੁਰਾ ਪਰਿਵਾਰ ਉਲਟਾ ਉਸ ਦੀ ਬੇਟੀ ਨੂੰ ਹੀ ਕੋਸ ਰਹੇ ਹਨ।
ਉਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਪੀੜਤ ਵਿਧਵਾ ਦੇ ਸਹੁਰਾ ਸੁਰਿੰਦਰ ਸਿੰਘ ਨੇ ਉਸ ਦੀ ਨੂੰਹ ਅਤੇ ਉਸ ਦੇ ਮਾਪਿਆਂ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨਿਰਾ ਝੂਠ ਬੋਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਕੌਰ ਲੜਾਈ-ਝਗੜਾ ਕਰਕੇ ਮਾਰਚ ਵਿੱਚ ਆਪਣੇ ਮਾਪਿਆਂ ਕੋਲ ਚਲੀ ਗਈ ਸੀ। ਉਨ੍ਹਾਂ ਦੀ ਨੂੰਹ ਹੁਣ ਉਸ ਦੇ ਛੋਟੇ ਬੇਟੇ ਨਾਲ ਵਿਆਹ ਕਰਵਾਉਣ ਦੇ ਚੱਕਰ ਵਿੱਚ ਹੈ, ਇਸ ਸਬੰਧੀ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਬੇਟੇ ਨਾਲ ਵੀ ਗੱਲ ਕੀਤੀ ਪ੍ਰੰਤੂ ਉਹ ਇਸ ਵਿਆਹ ਲਈ ਰਾਜ਼ੀ ਨਹੀਂ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਗੁਰੀ ਦੀ ਮੌਤ ਬਾਰੇ ਸ਼ਿਕਾਇਤ ਕਰਤਾ ਨੂੰ ਦੁਪਹਿਰ ਢਾਈ ਵਜੇ ਸੂਚਨਾ ਦੇ ਦਿੱਤੀ ਸੀ ਪਰ ਉਹ ਸ਼ਾਮ ਨੂੰ 5 ਵਜੇ ਤੱਕ ਨਹੀਂ ਪਹੁੰਚੇ। ਜਿਸ ਕਾਰਨ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰਨਾ ਪਿਆ। ਜਦੋਂ ਉਨ੍ਹਾਂ ਨੂੰ ਫੁੱਲਾਂ ਵਾਲੇ ਦਿਨ ਭੋਗ ਪਾਉਣ ਬਾਰੇ ਪੁੱਛਿਆ ਤਾਂ ਵਿਧਵਾ ਦੇ ਸਹੁਰੇ ਨੇ ਦੱਸਿਆ ਕਿ ਭੋਗ ’ਤੇ ਉਸ ਦੀ ਨੂੰਹ ਅਤੇ ਮਾਂ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪੁਲੀਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਿਹਾ ਹੈ ਅਤੇ ਭਲਕੇ ਸਨਿੱਚਰਵਾਰ ਨੂੰ ਉਨ੍ਹਾਂ ਨੂੰ ਥਾਣੇ ਸੱਦਿਆ ਗਿਆ ਹੈ।
ਇਸ ਸਬੰਧੀ ਸੋਹਾਣਾ ਥਾਣੇ ਦੇ ਸਬ ਇੰਸਪੈਕਟਰ ਤੇ ਪੜਤਾਲੀਆਂ ਅਫ਼ਸਰ ਬਰਮਾ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਹੀ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਲੜਕੀ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮੁੰਡੇ ਵਾਲਿਆਂ ਨੂੰ ਭਲਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…