
ਪਰਵਿੰਦਰ ਸੋਹਾਣਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਨੌਜਵਾਨਾਂ ਦਾ ਭਰਵਾਂ ਸਮਰਥਨ
ਕਾਂਗਰਸ ਸਰਕਾਰ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਨਹੀਂ ਬਣਾਏ: ਪਰਵਿੰਦਰ ਸੋਹਾਣਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਮੁਹਾਲੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਅੱਜ ਉਸ ਸਮੇਂ ਜ਼ੋਰਦਾਰ ਹੁੰਗਾਰਾ ਮਿਲਿਆ ਜਦੋਂ ਕਈ ਨੌਜਵਾਨਾਂ ਨੇ ਉਨ੍ਹਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਚੋਣ ਦਫ਼ਤਰ ਪਹੁੰਚ ਕੇ ਸਮਰਥਨ ਦਿੱਤਾ। ਸ੍ਰ. ਸੋਹਾਣਾ ਸਮੇਤ ਵੱਡੀ ਗਿਣਤੀ ਅਕਾਲੀ ਆਗੂਆਂ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਸਵਾਗਤ ਕੀਤਾ ਗਿਆ। ਅੱਜ ਅਕਾਲੀ ਉਮੀਦਵਾਰ ਸੋਹਾਣਾ ਨੂੰ ਸਮਰਥਨ ਦੇਣ ਵਾਲੇ ਨੌਜਵਾਨਾਂ ਵਿੱਚ ਯੁਵਰਾਜ ਕੰਗ, ਬੀਰਇੰਦਰ ਗਰੇਵਾਲ, ਭੁਪਿੰਦਰ ਧਾਲੀਵਾਲ, ਹਰਕੀਰਤ ਸੰਧੂ, ਦਵਿੰਦਰ ਰਾਜਪੂਤ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਪਾਰਟੀ ਦਾ ਰਾਜ ਦੇਖ ਚੁੱਕੇ ਹਨ ਜਿਸ ਵਿੱਚ ਕਾਂਗਰਸ ਪਾਰਟੀ ਨੇ ਫੋਕੇ ਦਮਗਜ਼ਿਆਂ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ। ਇਸ ਲਈ ਉਨ੍ਹਾਂ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਵੱਡੀ ਪਾਰਟੀ ਰਹਿ ਗਈ ਹੈ ਜਿਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਬੇਰੁਜ਼ਗਾਰੀ ਦਾ ਮਾਰਿਆ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਿਹਾ ਹੈ ਪ੍ਰੰਤੂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਫਿਰ ਅਖੀਰਲੇ ਸਮੇਂ ਵਿੱਚ ਚਰਨਜੀਤ ਸਿੰਘ ਚੰਨੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਂ ਉਤੇ ਬਹੁਤ ਜ਼ਿਆਦਾ ਗੁੰਮਰਾਹ ਕੀਤਾ। ਉਨ੍ਹਾਂ ਨੇ ਉਕਤ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ਉਪਰੰਤ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਪੰਜਾਬ ’ਚੋਂ ਯੂਥ ਦਾ ਵਿਦੇਸ਼ਾਂ ਵੱਲ ਭੱਜਣਾ ਰੋਕਿਆ ਜਾ ਸਕੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫ਼ਰਵਰੀ ਨੂੰ ਵੱਧ ਤੋਂ ਵੱਧ ਵੋਟਾਂ ਪੁਆ ਕੇ ਉਨ੍ਹਾਂ ਨੂੰ ਜਿਤਾਇਆ ਜਾਵੇ ਤਾਂ ਜੋ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ।
ਇਸ ਮੌਕੇ ਅਮਨ ਪੂਨੀਆ, ਕੈਪਟਨ ਰਮਨਦੀਪ ਸਿੰਘ ਬਾਵਾ, ਖੁਸ਼ਇੰਦਰ ਸਿੰਘ ਬੈਦਵਾਨ, ਨੰਬਰਦਾਰ ਹਰਵਿੰਦਰ ਸਿੰਘ, ਸੋਨੀ ਬੜੀ, ਗੁਰਿੰਦਰ ਸਿੰਘ ਗੁਰੀ ਸੋਹਾਣਾ ਅਤੇ ਹੋਰ ਨੌਜਵਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।