Nabaz-e-punjab.com

ਜ਼ਾਮਨ ਦਾ ਦਰਖ਼ਤ ਕੱਟਣ ਦਾ ਮਾਮਲਾ: ਕਿਸਾਨਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦੇਣ ਦਾ ਮਾਮਲਾ ਮੁੜ ਭਖਿਆ

ਪੀੜਤ ਕਿਸਾਨਾਂ ਨੇ ਪੀਸੀਐਸ ਅਧਿਕਾਰੀ ਖ਼ਿਲਾਫ਼ ਵਿਭਾਗੀ ਤੇ ਕਾਨੂੰਨੀ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਬਾਕਰਪੁਰ ਵਿੱਚ ਜ਼ਿਲ੍ਹਾ ਪਟਿਆਲਾ ਵਿੱਚ ਤਾਇਨਾਤ ਇਕ ਪੀਸੀਐਸ ਅਫ਼ਸਰ ਵੱਲੋਂ ਕਿਸਾਨਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦੇਣ ਦਾ ਮਾਮਲਾ ਮੁੜ ਤੋਂ ਭਖ ਗਿਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਨੰਡਿਆਲੀ ਅਤੇ ਪੀੜਤ ਕਿਸਾਨਾਂ ਵੱਲੋਂ ਬੀਤੀ 24 ਸਤੰਬਰ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਪੀਸੀਐਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ ਲੇਕਿਨ ਹੁਣ ਤੱਕ ਕਿਸਾਨਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਅੱਜ ਪੀੜਤ ਕਿਸਾਨਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨਾਲ ਮੁਲਾਕਾਤ ਕੀਤੀ ਅਤੇ ਉਕਤ ਘਟਨਾਕ੍ਰਮ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਕਤ ਅਧਿਕਾਰੀ ਦੀ ਪਤਨੀ ਸਰਕਾਰੀ ਸੀਨੀਅਰ ਸਕੂਲ ਪਿੰਡ ਬਾਕਰਪੁਰ ਵਿੱਚ ਪੜਾਉਂਦੀ ਅਤੇ ਪੀਸੀਐਸ ਅਧਿਕਾਰੀ ਸਰਕਾਰੀ ਗੱਡੀ ਵਿੱਚ ਆਪਣੀ ਪਤਨੀ ਨੂੰ ਸਕੂਲ ਛੱਡਣ ਆਉਂਦਾ ਹੈ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਬੀਤੀ 24 ਸਤੰਬਰ ਨੂੰ ਕਿਸਾਨ ਦਿਆ ਸਿੰਘ ਆਪਣੇ ਖੇਤਾਂ ਵਿੱਚ ਜ਼ਾਮਨ ਦਾ ਦਰਖ਼ਤ ਕੱਟ ਰਿਹਾ ਸੀ ਕਿਉਂਕਿ ਦਰਖ਼ਤ ਦੇ ਉਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ। ਜਿਸ ਕਾਰਨ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕ ਹੋਣ ਨਾਲ ਦੋ ਵਾਰੀ ਕਿਸਾਨ ਦੀ ਮੋਟਰ ਅਤੇ ਇਕ ਵਾਰ ਖੇਤਾਂ ਵਿੱਚ ਖੜੀ ਪੱਕੀ ਕਣਕ ਦੀ ਫਸਲ ਸੜ ਚੁੱਕੀ ਹੈ ਅਤੇ ਕਈ ਵਾਰ ਬੱਚੇ ਜ਼ਾਮਨ ਤੋੜਨ ਲਈ ਦਰਖ਼ਤ ’ਤੇ ਚੜ੍ਹ ਜਾਂਦੇ ਸਨ। ਜਿਸ ਕਾਰਨ ਹਮੇਸ਼ਾ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਸੀ। ਇਸ ਸਬੰਧੀ ਉਨ੍ਹਾਂ ਨੇ ਜੰਗਲਾਤ ਵਿਭਾਗ ਨੂੰ ਪੱਤਰ ਲਿਖਿਆ ਸੀ ਅਤੇ ਅਧਿਕਾਰੀਆਂ ਨੇ ਸਹਿਮਤੀ ਦਿੰਦਿਆਂ ਸਪੱਸ਼ਟ ਆਖਿਆ ਸੀ ਕਿ ਕਿਸਾਨ ਆਪਣੇ ਖੇਤ ਵਿੱਚ ਖੜੇ ਦਰਖ਼ਤ ਜਦੋਂ ਮਰਜ਼ੀ ਕੱਟ ਸਕਦਾ ਹੈ। ਉਸ ਨੂੰ ਅਗਾਊਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਕਿਸਾਨ ਦਿਆ ਸਿੰਘ ਅਤੇ ਹੋਰ ਆਪਣੇ ਖੇਤਾਂ ਵਿੱਚ ਜ਼ਾਮਨ ਦਾ ਦਰਖ਼ਤ ਕੱਟ ਰਹੇ ਸੀ ਤਾਂ ਪੀਸੀਐਸ ਅਧਿਕਾਰੀ ਨੇ ਉਨ੍ਹਾਂ ਨਾਲ ਗਾਲੀ ਗਲੋਚ ਕੀਤੀ ਅਤੇ ਉਨ੍ਹਾਂ ਨੂੰ 6 ਮਹੀਨੇ ਲਈ ਜੇਲ੍ਹ ਡੱਕਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਉਕਤ ਅਧਿਕਾਰੀ ਦੇ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਧਰ, ਐਸਡੀਐਮ ਜਗਦੀਪ ਸਹਿਗਲ ਨੇ ਕਿਸਾਨਾਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਕੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…