ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ: ਜ਼ਿਲ੍ਹਾ ਮੁਹਾਲੀ ਵਿੱਚ ਹੋਇਆ 63.4 ਫੀਸਦੀ ਮਤਦਾਨ

ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਇੱਕ ਦੂਜੇ ਦੇ ਖ਼ਿਲਾਫ਼ ਇਲਜਾਮਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਅੱਜ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਇੱਕ ਦੋ ਥਾਵਾਂ ਨੂੰ ਛੱਡ ਕੇ ਬਾਕੀ ਥਾਂਵਾਂ ਉਪਰ ਵੋਟਾਂ ਅਮਨ ਅਮਾਨ ਨਾਲ ਪੈ ਗਈਆਂ। ਲੋਕ ਸਵੇਰੇ ਅੱਠ ਵਜੇ ਤੋੱ ਪਹਿਲਾਂ ਹੀ ਚੋਣ ਬੂਥਾਂ ਉਪਰ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਪੂਰੇ ਅੱਠ ਵਜੇ ਵੋਟਾਂ ਪਾਉਣ ਦਾ ਅਮਲ ਸ਼ੁਰੂ ਹੋ ਗਿਆ ਸੀ। ਸ਼ਾਮ ਦੇ ਚਾਰ ਵਜੇ ਤਕ ਲੋਕ ਉਤਸ਼ਾਹ ਨਾਲ ਵੋਟਾਂ ਪਾਉਂਦੇ ਰਹੇ। ਇਹਨਾਂ ਚੋਣਾਂ ਦੌਰਾਨ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਵਾਪਰਨ ਤੋੱ ਰੋਕਣ ਲਈ ਪ੍ਰਸ਼ਾਸਨ ਅਤੇ ਪੁਲੀਸ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਮੁਹਾਲੀ ਜ਼ਿਲ੍ਹੇ ਵਿੱਚ ਚੋਣਾਂ ਲਈ 419 ਬੂਥ ਬਣਾਏ ਗਏ ਸਨ। ਜਿਨ੍ਹਾਂ ’ਤੇ 2100 ਚੋਣ ਅਮਲੇ ਦੇ ਮੁਲਾਜਮ ਆਪਣੀ ਡਿਊਟੀ ਨਿਭਾਅ ਰਹੇ ਸਨ।
ਕਈ ਪੋਲਿੰਗ ਕੇਂਦਰਾਂ ਦੇ ਬਾਹਰ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਬਹਿਸਬਾਜ਼ੀ ਵੀ ਹੋਈ। ਇਸ ਮੌਕੇ ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਵੱਲੋਂ ਇਹਨਾਂ ਚੋਣਾਂ ਵਿੱਚ ਜਿਤ ਪ੍ਰਾਪਤ ਕਰਨ ਲਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਵੇਖ ਕੇ ਅਕਾਲੀ ਦਲ ਅਤੇ ਆਪ ਦੇ ਆਗੂ ਬੌਖਲਾ ਗਏ ਹਨ ਅਤੇ ਆਪਣੀ ਹਾਰ ਸਾਹਮਣੇ ਵੇਖ ਕੇ ਬੇਤੁਕੇ ਦੋਸ਼ ਲਗਾ ਰਹੇ ਹਨ। ਇਸ ਮੌਕੇ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਹੌਂਸਲਾ ਵਧਾਉਣ ਦੇ ਨਾਲ ਹੀ ਵੋਟਰਾਂ ਨੂੰ ਵੋਟਾਂ ਪਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਵਲੋੱ ਆਪੋ ਆਪਣੀ ਪਾਰਟੀ ਦੇ ਹੱਕ ਵਿੱਚ ਨਾਰ੍ਹੇਬਾਜੀ ਵੀ ਹੁੰਦੀ ਰਹੀ।
ਐਸ ਏ ਐਸ ਨਗਰ ਜ਼ਿਲ੍ਹੇ ਵਿੱਚ 2 ਲੱਖ 74 ਹਜ਼ਾਰ 894 ਦੇ ਕਰੀਬ ਵੋਟਰ ਹਨ ਜਿਨ੍ਹਾਂ ਵਿੱਚ 1 ਲੱਖ 49 ਹਜ਼ਾਰ 676 ਮਰਦ ਅਤੇ 1 ਲੱਖ 27 ਹਜ਼ਾਰ 218 ਦੇ ਕਰੀਬ ਅੌਰਤਾਂ ਵੋਟਰ ਸ਼ਾਮਿਲ ਹਨ। ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜੋਨ, ਤਿੰਨ ਪੰਚਾਇਤ ਸੰਮਤੀਆਂ ਡੇਰਾਬਸੀ, ਖਰੜ ਅਤੇ ਮਾਜਰੀ ਦੇ ਕੁੱਲ 63 ਜੋਨ ਹਨ, ਜਦਕਿ ਖਰੜ ਬਲਾਕ ਸੰਮਤੀ ਤੋੱ ਇਕ ਮੈਂਬਰ ਨਿਰਵਿਰੋਧ ਚੁਣਿਆ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਲਈ 23 ਅਤੇ ਬਲਾਕ ਸੰਮਤੀਆਂ ਲਈ ਹੁਣ 150 ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਹੋ ਗਈ ਹੈ।
ਉਧਰ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਜਿਲ੍ਹੇ ਵਿੱਚ ਸ਼ਾਂਤੀ ਪੂਰਵਕ ਸੰਪਨ ਹੋਈਆਂ ਅਤੇ ਜ਼ਿਲ੍ਹੇ ਵਿੱਚ 63. 4 ਫੀਸਦੀ ਵੋਟਾਂ ਦਾ ਭੁਗਤਾਣ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਸਫਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ ਭੈ ਤੋਂ ਬੜੇ ਹੀ ਉਤਸ਼ਾਹ ਨਾਲ ਕੀਤਾ। ਉਨ੍ਹਾਂ ਚੋਣਾਂ ਦੌਰਾਨ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਜਿਲ੍ਹੇ ਦੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਅਤੇ ਚੋਣਾਂ ਨੂੰ ਨਿਰਵਿਘਨ ਅਤੇ ਨਿਰਪੱਖ ਰਹਿਕੇ ਨਿਭਾਈ ਡਿਊਟੀ ਬਦਲੇ ਚੋਣ ਅਮਲੇ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਏਡੀਸੀ ਬੈਂਸ ਨੇ ਦੱਸਿਆ ਕਿ ਡੇਰਾਬੱਸੀ ਵਿੱਚ 67 ਫੀਸਦੀ ਮਤਦਾਨ ਹੋਇਆ ਹੈ ਅਤੇ ਬਲਾਕ ਮਾਜਰੀ ਵਿੱਚ 65.75 ਫੀਸਦੀ ਵੋਟਾਂ ਪਈਆਂ ਹਨ ਜਦੋਂਕਿ ਖਰੜ ਬਲਾਕ ਵਿੱਚ ਸਭ ਤੋਂ ਘੱਟ ਮਤਦਾਨ ਹੋਇਆ ਹੈ। ਖਰੜ ਵਿੱਚ ਕੁੱਲ 57.11 ਫੀਸਦੀ ਮਤਦਾਨ ਹੋਇਆ ਹੈ।
ਇੱਥੇ ਇਹ ਵਰਨਣ ਯੋਗ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 23 ਉਮੀਦਵਾਰ ਮੈਦਾਨ ਵਿਚ ਸਨ ਜਦਕਿ ਪੰਚਾਇਤ ਸੰਮਤੀ ਖਰੜ, ਡੇਰਾਬਸੀ ਅਤੇ ਮਾਜਰੀ ਦੇ 62 ਜ਼ੋਨਾਂ ਦੀ ਚੋਣ ਲਈ 150 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 22 ਸਤੰਬਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਸਮੇਂ ਹੋਵੇਗਾ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਵੋਟਰਾਂ ਨੇ ਆਪਣੀਆਂਵੋਟਾਂ ਦਾ ਭੁਗਤਾਨ ਬੜੇ ਹੀ ਉਤਸ਼ਾਹ ਨਾਲ ਕੀਤਾ ਅਤੇ ਪਿੰਡਾਂ ਵਿੱਚ ਪੋਲਿੰਗ ਬੂਥਾਂ ਤੇ ਸਵੇਰ ਤੋਂ ਹੀ ਲੰਮੀਆਂ ਲੰਮੀਆਂ ਲਾਇਨਾਂ ਵੇਖਣ ਨੂੰ ਮਿਲੀਆਂ। ਪਿੰਡ ਕੰਡਾਲਾ ਦੇ 105 ਸਾਲਾ ਸਾਧੂ ਸਿੰਘ ਨੇ ਵੀ ਪੋਲਿੰਗ ਬੂਥ ਤੇ ਜਾ ਕੇ ਆਪਣੇ ਸੰਵਿਧਾਨਕ ਹੱਕਵੋਟ ਦਾ ਇਸਤੇਮਾਲ ਕੀਤਾ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਵੋਟਰਾਂ ਦੀ ਸਹੂਲਤ ਲਈ 419 ਬੂਥ ਬਣਾਏ ਗਏ ਸਨ ਜਿਨ੍ਹਾਂ ’ਤੇ 2100 ਚੋਣ ਅਮਲੇ ਦੇ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ।ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਤੇ ਵੋਟਰਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਵੋਟਰਾਂ ਨੂੰ ਆਪਣੀ ਵੋਟ ਭੁਗਤਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਵੀ ਕਰੜੇ ਪ੍ਰਬੰਧ ਕੀਤੇ ਗਏ ਸਨ ਅਤੇ ਜਿਲ੍ਹਾ ਪੁਲਿਸ ਵੱਲੋਂ ਆਪਣੀ ਡਿਊਟੀ ਪੂਰੀ ਮੁਸਤਾਦੀ ਨਾਲ ਨਿਭਾਈ ਗਈ। ਵੋਟਾਂ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਸ੍ਰੀ ਸੁਖਜੀਤਪਾਲ ਸਿੰਘ ਪੀ.ਸੀ.ਐਸ ਬਤੌਰ ਜਿਲ੍ਹੇ ਦੇ ਅਬਜ਼ਰਵਰ ਦੇ ਤੌਰ ਤੇ ਹਾਜ਼ਰ ਰਹੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…