nabaz-e-punjab.com

ਜ਼ਿਲ੍ਹਾ ਪ੍ਰੀਸ਼ਦ ਚੋਣ: ਆਜ਼ਾਦ ਉਮੀਦਵਾਰ ਸਮੇਂ ਸਿਰ ਐਨਓਸੀ ਨਾ ਮਿਲਣ ਕਾਰਨ ਚੋਣ ਮੈਦਾਨ ’ਚੋਂ ਆਊਟ

ਅਕਾਲੀ ਉਮੀਦਵਾਰ ਹਰਮਿੰਦਰ ਸਿੰਘ ਪੱਤੋਂ ਨੂੰ ਵੀ ਨਹੀਂ ਮਿਲੀ ਐਨਓਸੀ, ਅਕਾਲੀ ਦਲ ਨੇ ਨਵਾਂ ਉਮੀਦਵਾਰ ਐਲਾਨਿਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਜ਼ਿਲ੍ਹਾ ਪ੍ਰੀਸ਼ਦ ਚੋਣ ਸਬੰਧੀ ਮਨੌਲੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਚਾਹਵਾਨ ਅਵਤਾਰ ਸਿੰਘ ਸਾਬਕਾ ਸਰਪੰਚ ਮਨੌਲੀ ਨੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਜਾਣਬੁੱਝ ਕੇ ਸਮੇਂ ਸਿਰ ਐਨਓਸੀ ਨਾ ਦੇਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਸਬੰਧਤ ਅਧਿਕਾਰੀਆਂ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਮੌਜੂਦਗੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਮਨੌਲੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦਾ ਹੈ ਅਤੇ ਪਿਛਲੇ ਕਈ ਦਿਨ ਤੋਂ ਬਲਾਕ ਬਲਾਕ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਦੇ ਦਫ਼ਤਰ ਵਿੱਚ ਐਨਓਸੀ ਲੈਣ ਲਈ ਖੱਜਲ ਖੁਆਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਕਵਰਿੰਗ ਉਮੀਦਵਾਰ ਲਈ ਬੇਟੇ ਨੂੰ ਤਾਂ ਐਨਓਸੀ ਮਿਲ ਗਈ ਲੇਕਿਨ ਉਨ੍ਹਾਂ ਨੂੰ ਐਨਓਸੀ ਦੇਣ ਤੋਂ ਆਨਾਕਾਨੀ ਕੀਤੀ ਗਈ। ਇਸ ਸਬੰਧੀ ਉਨ੍ਹਾਂ ਨੇ ਇਹ ਸਾਰਾ ਮਾਮਲਾ ਡੀਸੀ ਦੇ ਧਿਆਨ ਵਿੱਚ ਲਿਆਂਦਾ ਸੀ। ਡੀਸੀ ਨੇ ਐਸਡੀਐਮ ਦੀ ਡਿਊਟੀ ਲਗਾ ਦਿੱਤੀ ਪ੍ਰੰਤੂ ਐਸਡੀਐਮ ਨੇ ਅੱਗੇ ਬੀਡੀਪੀਓ ਨੂੰ ਕਹਿ ਕੇ ਖਾਨਾਪੂਰਤੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਬੀਡੀਪੀਓ ਨੇ ਐਨਓਸੀ ਦਿੱਤੀ ਤਾਂ ਉਦੋਂ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਮਾਂ ਲੰਘ ਚੁੱਕਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਇਸ਼ਾਰੇ ’ਤੇ ਹੋਇਆ ਹੈ ਅਤੇ ਹੁਣ ਉਨ੍ਹਾਂ ਨੂੰ ਬੇਟੇ ਦੇ ਕਾਗਜ ਰੱਦ ਕਰਨ ਦਾ ਖਦਸ਼ਾ ਹੈ।
ਸਾਬਕਾ ਸਰਪੰਚ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਚਰਨਦੇਵ ਸਿੰਘ ਮਾਨ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਪੌਣੇ ਤਿੰਨ ਪਹੁੰਚ ਗਏ ਸੀ ਲੇਕਿਨ ਅਧਿਕਾਰੀ ਨੇ ਹੋਰਨਾਂ ਕੰਮਾਂ ਵਿੱਚ ਜ਼ਿਆਦਾ ਸਮਾਂ ਲਗਾਉਣ ਕਾਰਨ 3 ਵਜਾ ਦਿੱਤੇ ਸੀ। ਜਿਸ ਕਾਰਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਮਾਂ ਲੰਘ ਗਿਆ। ਸ੍ਰੀ ਮਨੌਲੀ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀ ਅੱਗੇ ਕਾਫੀ ਹਾੜੇ ਵੀ ਕੱਢੇ ਲੇਕਿਨ ਉਨ੍ਹਾਂ ਦੀ ਇੱਕ ਨਹੀਂ ਸੁਣੀ ਗਈ। ਇਸ ਮਗਰੋਂ ਉਹ ਫਿਰ ਤੋਂ ਡਿਪਟੀ ਕਮਿਸ਼ਨਰ ਨੂੰ ਮਿਲੇ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਉਸ ਨੂੰ ਜਾਣਬੁੱਝ ਚੋਣ ਲੜਨ ਤੋਂ ਰੋਕਿਆ ਗਿਆ ਹੈ।
ਉਧਰ, ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਲਈ ਮਨੌਲੀ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਮਿੰਦਰ ਸਿੰਘ ਪੱਤੋਂ ਨੂੰ ਵੀ ਐਨਓਸੀ ਨਾ ਮਿਲਣ ਕਾਰਨ ਉਹ ਚੋਣ ਪਿੜ ਤੋਂ ਬਾਹਰ ਹੋ ਗਏ ਹਨ। ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਦੱਸਿਆ ਕਿ ਸ੍ਰੀ ਪੱਤੋਂ ਐਨਓਸੀ ਨਾ ਮਿਲਣ ਕਾਰਨ ਪਾਰਟੀ ਵੱਲੋਂ ਬਾਕਰਪੁਰ ਦੇ ਵਸਨੀਕ ਜਗਤਾਰ ਸਿੰਘ ਪੁੱਤਰ ਬਹਾਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
(ਬਾਕਸ ਆਈਟਮ)
ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਮਨੌਲੀ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਉਹ ਨਿਰਾਂ ਝੂਠ ਬੋਲ ਰਹੇ ਹਨ ਅਤੇ ਉਨ੍ਹਾਂ ਦੇ ਦੋਸ਼ਾਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਅਵਤਾਰ ਸਿੰਘ ਚੋਣ ਅਧਿਕਾਰੀ ਕੋਲ ਪੌਣੇ ਤਿੰਨ ਵਜੇ ਨਹੀਂ ਬਲਕਿ ਸਾਢੇ ਤਿੰਨ ਵਜੇ ਪਹੁੰਚੇ ਸੀ ਜਦੋਂਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਦਾ ਸੀ। ਉਂਜ ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …