nabaz-e-punjab.com

ਜ਼ੀਰਕਪੁਰ ਮੈਰਿਜ ਪੈਲੇਸ ਅਗਨੀਕਾਂਡ: ਡੀਸੀ ਵੱਲੋਂ ਮੈਰਿਜ ਪੈਲੇਸਾਂ ਦੀ ਪੜਤਾਲ ਲਈ ਸਮੂਹ ਐਸਡੀਐਮਜ਼ ਨੂੰ ਆਦੇਸ਼

ਮੈਰਿਜ ਪੈਲੇਸਾਂ ਵਿੱਚ ਵਾਹਨ ਪਾਰਕਿੰਗ, ਅੱਗ ਬੁਝਾਊ ਯੰਤਰਾਂ ਤੇ ਬਿਜਲੀ ਦੇ ਸਹੀ ਪ੍ਰਬੰਧ: ਦੀ ਪੜਤਾਲ ਲਈ ਆਖਿਆ

ਮੈਰਿਜ ਪੈਲੇਸਾਂ ਵਿੱਚ ਵਿਆਹ\ਸਮਾਗਮਾਂ ਵਿੱਚ ਅਸਲਾ ਲੈ ਕੇ ਆਉਣ ’ਤੇ ਮਨਾਹੀ ਦੇ ਹੁਕਮ, ਪਾਰਕਿੰਗ ਦੀ ਵਿਵਸਥਾ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਸਥਿਤ ਮੈਰਿਜ ਪੈਲੇਸ ਓਰਾ ਗਾਰਡਨ ਵਿੱਚ ਬੀਤੀ 4 ਫਰਵਰੀ ਨੂੰ ਵਿਆਹ ਸਮਾਗਮ ਦੌਰਾਨ ਭਿਆਨਕ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਮੂਹ ਐਸਡੀਐਮਜ਼ ਨੂੰ ਮੈਰਿਜ ਪੈਲੇਸਾਂ ਦੀ ਪੜਤਾਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਡੀਸੀ ਨੇ ਮੁਹਾਲੀ ਦੇ ਐਸਡੀਐਮ ਮੁਹਾਲੀ, ਖਰੜ ਦੇ ਐਸਡੀਐਮ ਅਤੇ ਡੇਰਾਬੱਸੀ ਦੇ ਐਸਡੀਐਮ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਸਬੰਧਤ ਸਬ ਡਿਵੀਜ਼ਨਾਂ ਵਿੱਚ ਸਥਿਤ ਮੈਰਿਜ ਪੈਲੇਸਾਂ ਜਾਂ ਅਜਿਹੇ ਹੋਰ ਸਮਾਗਮਾਂ ਵਾਲੇ ਸਥਾਨਾਂ ’ਤੇ ਗੱਡੀਆਂ ਦੀ ਪਾਰਕਿੰਗ/ਅੱਗ ਬੁਝਾਊ ਯੰਤਰਾਂ, ਬਿਜਲੀ ਦੇ ਸਹੀ ਪ੍ਰਬੰਧਾਂ ਆਦਿ ਦੀ ਹਰ ਪੱਖੋਂ ਬਰੀਕੀ ਨਾਲ ਜਾਂਚ ਪੜਤਾਲ ਕਰਕੇ 11 ਫਰਵਰੀ ਤੱਕ ਉਨ੍ਹਾਂ ਨੂੰ ਜਾਂਚ ਰਿਪੋਰਟ ਦਿੱਤੀ ਜਾਵੇ। ਸ੍ਰੀਮਤੀ ਸਪਰਾ ਨੇ ਕਿਹਾ ਕਿ ਇਸ ਮੰਤਵ ਲਈ ਐਸਡੀਐਮਜ਼ ਨੂੰ ਆਪਣੇ ਖੇਤਰ ਨਾਲ ਸਬੰਧਤ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰਾਂ ਨਾਲ ਵੀ ਤਾਲਮੇਲ ਰੱਖਣਾ ਜ਼ਰੂਰੀ ਹੈ। ਜੇ ਕਿਸੇ ਵੀ ਮੈਰਿਜ ਪੈਲੇਸ ਜਾਂ ਹੋਰ ਸਥਾਨ ’ਤੇ ਕਿਸੇ ਕਿਸਮ ਦੀਆਂ ਤਰੁੱਟੀਆਂ ਪਾਈਆਂ ਜਾਂਦੀਆਂ ਹਨ ਤਾਂ ਇਸ ਸਬੰਧੀ ਮਾਲਕਾਂ ਨੂੰ ਤੁਰੰਤ ਕਰਵਾਈ ਕਰਨ ਲਈ ਸਮਾਂਬੱਧ ਦਿਸ਼ਾ ਨਿਰਦੇਸ਼ ਦਿੱਤੇ ਜਾਣ ਤਾਂ ਜੋ ਭਵਿੱਖ ਵਿੱਚ ਮੈਰਿਜ ਪੈਲੇਸਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਿਆ ਜਾ ਸਕੇ। ਉਧਰ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਸਥਿਤ ਮੈਰਿਜ ਪੈਲੇਸਾਂ ਵਿੱਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਅਸਲਾ ਲੈ ਕੇ ਆਉਣ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕੋਈ ਵਿਅਕਤੀ ਮੈਰਿਜ ਪੈਲੇਸ ਵਿੱਚ ਵਿਆਹ ਸਮੇਂ ਅਸਲਾ ਲੈ ਕੇ ਆਉਂਦਾ ਹੈ ਤਾਂ ਪੈਲੇਸ ਦੇ ਮਾਲਕ ਤੁਰੰਤ ਪੁਲੀਸ ਨੂੰ ਸੂਚਿਤ ਕਰਨਾ ਯਕੀਨੀ ਬਣਾਉਣ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੈਰਿਜ ਪੈਲੇਸਾਂ ਵਿੱਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਆਮ ਲੋਕ ਅਸਲਾ ਲੈ ਕੇ ਆਉਂਦੇ ਹਨ ਅਤੇ ਸ਼ਰਾਬ ਪੀ ਕੇ ਗੋਲੀਬਾਰੀ ਕਰ ਦਿੰਦੇ ਹਨ ਜਿਸ ਨਾਲ ਜਾਨੀ ਨੁਕਸਾਨ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਹੁਕਮ 4 ਅਪਰੈਲ 2018 ਤੱਕ ਲਾਗੂ ਰਹਿਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਨੇ ਮੈਰਿਜ਼ ਪੈਲੇਸਾਂ, ਹੋਟਲਾਂ, ਬੈਂਕੁਇੰਟ ਹਾਲਾਂ ਆਦਿ ਦੇ ਮਾਲਕਾਂ/ਪ੍ਰਬੰਧਕਾਂ ਨੂੰ ਹੁਕਮ ਦਿੱਤੇ ਹਨ ਕਿ ਅਜਿਹੇ ਸਥਾਨਾਂ ’ਤੇ ਕੀਤੇ ਜਾਣ ਵਾਲੇ ਸਮਾਗਮਾਂ ਸਮੇਂ ਗੱਡੀਆਂ ਨੂੰ ਉਚਿੱਤ ਜਗ੍ਹਾ ’ਤੇ ਪਾਰਕ ਕਰਨ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ। ਜੇਕਰ ਮਾਲਕ/ਪ੍ਰਬੰਧਕ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…