
ਜ਼ੀਰਕਪੁਰ ਪੁਲੀਸ ਵੱਲੋਂ 4 ਅਪਰਾਧਿਕ ਮਾਮਲਿਆਂ ਵਿੱਚ ਭਗੌੜਾ ਮੁਲਜ਼ਮ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਮੁਹਾਲੀ ਪੁਲੀਸ ਵੱਲੋਂ ਭਗੋੜੇ (ਪੀਓਜ) ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿੱਢੀ ਸਪੈਸ਼ਲ ਮੁਹਿੰਮ ਤਹਿਤ ਮੁਹਾਲੀ ਦੀ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਅਤੇ ਜ਼ੀਰਕਪੁਰ ਸਬ ਡਵੀਜ਼ਨ ਦੇ ਡੀਐਸਪੀ ਅਮਰੋਜ ਸਿੰਘ ਦੀ ਨਿਗਰਾਨੀ ਹੇਠ ਥਾਣਾ ਜ਼ੀਰਕਪੁਰ ਦੇ ਐਸਐਚਓ ਇੰਸਪੈਕਟਰ ਓਂਕਾਰ ਸਿੰਘ ਬਰਾੜ ਦੀ ਯੋਗ ਅਗਵਾਈ ਵਿੱਚ ਏਐਸਆਈ ਰਾਜੇਸ਼ ਚੌਹਾਨ, ਏਐਸਆਈ ਹਰਭੇਜ ਸਿੰਘ, ਹੋਲਦਾਰ ਰਾਹੁਲ ਕੁਮਾਰ, ਸਿਪਾਹੀ ਕਰਮਵੀਰ ਸਿੰਘ ਵੱਲੋਂ ਵੱਖ ਵੱਖ ਧੋਖਾਧੜੀ ਦੇ ਮੁਕੱਦਮਿਆਂ ਦੇ ਭਗੌੜਾ ਮੁਲਜ਼ਮ ਕੁਸਲ ਢੀਂਗਰਾ ਉਰਫ਼ ਮੋਹਿਤ ਢੀਂਗਰਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਅੇਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਥਾਣਾ ਸੁਨਾਮ, ਜ਼ਿਲਾ੍ਹ ਸੰਗਰੂਰ, ਥਾਣਾ ਕੋਤਵਾਲੀ, ਥਾਣਾ ਸਿਵਲ ਲਾਈਨ, ਥਾਣਾ ਨੇਹੀਆਂ ਵਾਲਾ ਜ਼ਿਲ੍ਹਾ ਬਠਿੰਡਾ, ਥਾਣਾ ਸਿਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਥਾਣਾ ਸਮਾਣਾ, ਜ਼ਿਲ੍ਹਾ ਪਟਿਆਲਾ ਅਤੇ ਥਾਣਾ ਜ਼ੀਰਕਪੁਰ ਜ਼ਿਲ੍ਹਾ ਐਸਏਐਸ ਨਗਰ ਮੁਹਾਲੀ ਵਿਖੇ ਵੱਖ ਵੱਖ ਧੋਖਾਧੜੀ ਅਤੇ ਇਮੋਰਲ ਟਰੈਫਕਿੰਗ ਸਬੰਧੀ ਕਈ ਮੁਕੱਦਮੇ ਦਰਜ ਹਨ। ਜਿਸ ਨੂੰ ਬੀਤੇ ਕੱਲ੍ਹ ਮਿਤੀ 12 ਜੂਨ 2021 ਨੂੰ ਜ਼ੀਰਕਪੁਰ ਪੁਲੀਸ ਵੱਲੋਂ ਬੜੀ ਮੁਸਤੈਦੀ ਨਾਲ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਮੁਲਜ਼ਮ ਬਾਰੇ ਜਾਣਕਾਰੀ: ਕੁਸਲ ਢੀਂਗਰਾ ਉਰਫ ਮੋਹਿਤ ਢੀਂਗਰਾ ਵਾਸੀ ਮਹਿਣਾ ਚੌਂਕ, ਥਾਣਾ ਕੋਤਵਾਲੀ ਜ਼ਿਲ੍ਹਾ ਬਠਿੰਡਾ, ਪੰਜਾਬ ਹਾਲ ਵਾਸੀ ਵੀਆਈਪੀ ਇਨਕਲੇਵ ਨੇੜੇ ਬੈਰੀ ਹਿੱਲ ਵੀਆਈਪੀ ਰੋਡ ਜ਼ੀਰਕਪੁਰ ਥਾਣਾ ਜ਼ੀਰਕਪੁਰ, ਜ਼ਿਲ੍ਹਾ ਐਸਏਐਸ ਨਗਰ ਮੁਹਾਲੀ।